ਬਾਲੀਵੁੱਡ ਐਕਟਰ ਆਫਤਾਬ ਸ਼ਿਵਦਾਸਾਨੀ ਨੂੰ ਲੈ ਕੇ ਇੱਕ ਵੱਡੀ ਖਬਰ ਸਾਹਮਣੇ ਆਈ ਹੈ। ਅਦਾਕਾਰ ਸਾਈਬਰ ਧੋਖਾਧੜੀ ਦਾ ਸ਼ਿਕਾਰ ਹੋ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਅਦਾਕਾਰ ਨੂੰ ਇੱਕ ਨਿੱਜੀ ਬੈਂਕ ਤੋਂ ਇੱਕ ਮੈਸੇਜ ਆਇਆ, ਜਿਸ ਵਿੱਚ ਉਨ੍ਹਾਂ ਨੂੰ ਆਪਣਾ ਕੇਵਾਈਸੀ ਅਪਡੇਟ ਕਰਨ ਲਈ ਕਿਹਾ ਗਿਆ। ਇਸ ਮਾਮਲੇ ‘ਚ ਆਫਤਾਬ ਦਾ ਕਾਫੀ ਨੁਕਸਾਨ ਹੋਇਆ ਹੈ। ਤੁਹਾਨੂੰ ਦੱਸ ਦੇਈਏ ਕਿ ਆਫਤਾਬ ਨੂੰ ਸਾਈਬਰ ਫਰਾਡ ‘ਚ 1,49,999 ਰੁਪਏ ਦਾ ਨੁਕਸਾਨ ਹੋਇਆ ਹੈ। ਅਦਾਕਾਰ ਨੂੰ ਬੈਂਕ ਤੋਂ ਆਪਣਾ ਪੈਨ ਕਾਰਡ ਅਪਡੇਟ ਕਰਨ ਲਈ ਕਥਿਤ ਤੌਰ ‘ਤੇ ਇੱਕ ਮੈਸੇਜ ਮਿਲਿਆ ਸੀ। ਇਸ ਤੋਂ ਬਾਅਦ ਜਦੋਂ ਉਨ੍ਹਾਂ ਨੇ ਇਸ ਮੈਸੇਜ ‘ਚ ਦਿੱਤੇ ਲਿੰਕ ‘ਤੇ ਕਲਿੱਕ ਕੀਤਾ ਤਾਂ ਬੈਂਕ ਦਾ ਫਰਜ਼ੀ ਪੇਜ ਖੁੱਲ੍ਹ ਗਿਆ।
ਇਸ ਦੌਰਾਨ ਸਾਈਬਰ ਠੱਗ ਨੇ ਇੱਕ ਨੰਬਰ ਤੋਂ ਆਫਤਾਬ ਨੂੰ ਫੋਨ ਕੀਤਾ ਅਤੇ ਉਨ੍ਹਾਂ ਦਾ ਮੋਬਾਈਲ ਨੰਬਰ ਅਤੇ ਪਿੰਨ ਦਰਜ ਕਰਨ ਲਈ ਕਿਹਾ। ਜਿਵੇਂ ਹੀ ਅਦਾਕਾਰ ਨੇ ਐਪ ਪਿੰਨ ਦਾਖਲ ਕੀਤਾ, ਉਨ੍ਹਾਂ ਦੇ ਬੈਂਕ ਖਾਤੇ ਤੋਂ 1,49,999 ਰੁਪਏ ਕੱਟ ਲਏ ਗਏ। ਇਸ ਘਟਨਾ ਤੋਂ ਬਾਅਦ ਆਫਤਾਬ ਨੇ ਬਾਂਦਰਾ ਪੁਲਿਸ ਸਟੇਸ਼ਨ ‘ਚ ਇਸ ਅਣਪਛਾਤੇ ਵਿਅਕਤੀ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਹੁਣ ਪੁਲਿਸ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਬਾਰੇ ਗੱਲ ਕਰਦਿਆਂ ਥਾਣਾ ਸਦਰ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਅਦਾਕਾਰ ਨਾਲ ਇਹ ਘਟਨਾ 8 ਅਕਤੂਬਰ ਦਿਨ ਐਤਵਾਰ ਨੂੰ ਵਾਪਰੀ ਸੀ, ਜਿਸ ਤੋਂ ਅਗਲੇ ਦਿਨ 9 ਅਕਤੂਬਰ ਨੂੰ ਉਨ੍ਹਾਂ ਨੇ ਇਹ ਮਾਮਲਾ ਦਰਜ ਕਰਵਾਇਆ ਸੀ।