ਕ੍ਰਿਕਟ ਪ੍ਰਸ਼ੰਸਕਾਂ ਲਈ ਖੁਸ਼ਖਬਰੀ ਹੈ। ਦਰਅਸਲ ਲਾਸ ਏਂਜਲਸ ਓਲੰਪਿਕ ‘ਚ ਕ੍ਰਿਕਟ ਨੂੰ ਸ਼ਾਮਿਲ ਕੀਤਾ ਜਾ ਸਕਦਾ ਹੈ। ਕ੍ਰਿਕਟ ਤੋਂ ਇਲਾਵਾ ਫਲੈਗ ਫੁੱਟਬਾਲ, ਬੇਸਬਾਲ ਅਤੇ ਸਾਫਟਬਾਲ ਨੂੰ ਸ਼ਾਮਿਲ ਕੀਤਾ ਜਾ ਸਕਦਾ ਹੈ। ਲਾਸ ਏਂਜਲਸ ਓਲੰਪਿਕ ਸਾਲ 2028 ਵਿੱਚ ਹੋਣੀਆਂ ਹਨ। ਗਾਰਡੀਅਨ ਦੀ ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਲਾਸ ਏਂਜਲਸ ਓਲੰਪਿਕ ਵਿੱਚ ਕ੍ਰਿਕਟ ਨੂੰ ਸ਼ਾਮਿਲ ਕਰਨ ਲਈ ਵਿਚਾਰ ਕੀਤਾ ਜਾ ਰਿਹਾ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਇਸ ਦਾ ਐਲਾਨ ਅੰਤਰਰਾਸ਼ਟਰੀ ਓਲੰਪਿਕ ਕਮੇਟੀ (ਆਈਓਸੀ) ਦੇ 141ਵੇਂ ਸੈਸ਼ਨ ਵਿੱਚ ਕੀਤਾ ਜਾਵੇਗਾ। ਇਹ ਸੈਸ਼ਨ ਮੁੰਬਈ ਵਿੱਚ ਆਯੋਜਿਤ ਕੀਤਾ ਜਾਣਾ ਹੈ।
ਹਾਲਾਂਕਿ ਇਸ ਤੋਂ ਪਹਿਲਾਂ ਓਲੰਪਿਕ ‘ਚ ਸਿਰਫ ਇਕ ਵਾਰ ਕ੍ਰਿਕਟ ਖੇਡਿਆ ਗਿਆ ਹੈ। 1900 ਵਿੱਚ ਓਲੰਪਿਕ ਵਿੱਚ ਕ੍ਰਿਕਟ ਇੱਕ ਖੇਡ ਸੀ। ਇਸ ਸਾਲ ਸੋਨ ਤਗਮੇ ਲਈ ਮੈਚ ਪੈਰਿਸ ‘ਚ ਇੰਗਲੈਂਡ ਅਤੇ ਫਰਾਂਸ ਵਿਚਾਲੇ ਖੇਡਿਆ ਗਿਆ ਸੀ। ਮੀਡੀਆ ਰਿਪੋਰਟਾਂ ਮੁਤਾਬਿਕ ਓਲੰਪਿਕ ‘ਚ ਪੁਰਸ਼ ਅਤੇ ਮਹਿਲਾ ਵਰਗ ਦਾ ਮੁਕਾਬਲਾ ਟੀ-20 ਫਾਰਮੈਟ ‘ਚ ਹੋਵੇਗਾ। ਮੰਨਿਆ ਜਾ ਰਿਹਾ ਹੈ ਕਿ ਕ੍ਰਿਕਟ ਨੂੰ ਇਨ੍ਹਾਂ ਖੇਡਾਂ ਦਾ ਹਿੱਸਾ ਬਣਾ ਕੇ ਆਈਓਸੀ ਦੱਖਣੀ ਏਸ਼ੀਆਈ ਦਰਸ਼ਕਾਂ ਨੂੰ ਆਕਰਸ਼ਿਤ ਕਰਨ ਅਤੇ ਪ੍ਰਸਾਰਣ ਸੌਦੇ ਤੋਂ ਵੱਡੀ ਰਕਮ ਕਮਾ ਸਕੇਗੀ।