ਬਾਲੀਵੁੱਡ ਸਟਾਰ ਸ਼ਾਹਰੁਖ ਖਾਨ ਇਸ ਸਮੇਂ ਬਾਕਸ ਆਫਿਸ ਦੇ ਬਾਦਸ਼ਾਹ ਹਨ। ਉਨ੍ਹਾਂ ਦੀਆਂ ਦੋ ਬੈਕ ਟੂ ਬੈਕ ਫਿਲਮਾਂ ‘ਪਠਾਨ’ ਅਤੇ ਹੁਣ ‘ਜਵਾਨ’ ਨੇ ਕਮਾਈ ਦੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਇਨ੍ਹਾਂ ਦੋਵਾਂ ਫਿਲਮਾਂ ਕਾਰਨ ਸ਼ਾਹਰੁਖ ਖਾਨ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਸਨ। ਹੁਣ ਮੁੰਬਈ ਪੁਲਿਸ ਨੇ ਸ਼ਾਹਰੁਖ ਖਾਨ ਨੂੰ Y+ ਸੁਰੱਖਿਆ ਦਿੱਤੀ ਹੈ। ਮੁੰਬਈ ਪੁਲਿਸ ਤੋਂ ਮਿਲੀ ਜਾਣਕਾਰੀ ਮੁਤਾਬਿਕ ਸ਼ਾਹਰੁਖ ਖਾਨ ਨੇ ਸੂਬਾ ਸਰਕਾਰ ਨੂੰ ਲਿਖਤੀ ਸ਼ਿਕਾਇਤ ਦਿੱਤੀ ਸੀ ਕਿ ਫਿਲਮ ‘ਪਠਾਨ’ ਅਤੇ ‘ਜਵਾਨ’ ਤੋਂ ਬਾਅਦ ਉਨ੍ਹਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਵਾਲੇ ਫੋਨ ਆ ਰਹੇ ਹਨ। ਇਸ ਤੋਂ ਬਾਅਦ ਮਹਾਰਾਸ਼ਟਰ ਸਰਕਾਰ ਨੇ ਅਦਾਕਾਰ ਸ਼ਾਹਰੁਖ ਖਾਨ ਦੀ ਸੁਰੱਖਿਆ ਵਧਾ ਕੇ Y+ ਕਰ ਦਿੱਤੀ ਹੈ।
ਸ਼ਾਹਰੁਖ ਖਾਨ ਨੂੰ ਮੁੰਬਈ ਪੁਲਿਸ ਦੁਆਰਾ ਪ੍ਰਦਾਨ ਕੀਤੀ Y+ ਸੁਰੱਖਿਆ ਵਿੱਚ 24 ਘੰਟੇ ਉਨ੍ਹਾਂ ਦੇ ਨਾਲ 6 ਨਿੱਜੀ ਸੁਰੱਖਿਆ ਅਧਿਕਾਰੀ ਰਹਿਣਗੇ ਜਿਨ੍ਹਾਂ ‘ਚ 5 ਹਥਿਆਰਾਂ ਨਾਲ ਲੈਸ ਹੋਣਗੇ। ਦਰਅਸਲ, ਪੁਲਿਸ ਨੂੰ ਖੁਫੀਆ ਜਾਣਕਾਰੀ ਮਿਲੀ ਸੀ ਕਿ ਸ਼ਾਹਰੁਖ ਖਾਨ ਦੀ ਜਾਨ ਨੂੰ ਖ਼ਤਰਾ ਹੈ। ਹਾਲ ਹੀ ‘ਚ ਆਪਣੀਆਂ ਫਿਲਮਾਂ ਪਠਾਨ ਅਤੇ ਜਵਾਨ ਦੇ ਹਿੱਟ ਹੋਣ ਤੋਂ ਬਾਅਦ ਸ਼ਾਹਰੁਖ ਅੰਡਰਵਰਲਡ ਅਤੇ ਗੈਂਗਸਟਰਾਂ ਦੇ ਨਿਸ਼ਾਨੇ ‘ਤੇ ਹਨ। ਇਸ ਤੋਂ ਪਹਿਲਾਂ ਉਨ੍ਹਾਂ ਦੀ ਸੁਰੱਖਿਆ ਹੇਠ ਸਿਰਫ਼ ਦੋ ਪੁਲਿਸ ਮੁਲਾਜ਼ਮ ਸਨ। ਇਸ ਦੇ ਨਾਲ ਹੀ ਕਿੰਗ ਖਾਨ ਨੂੰ ਦਿੱਤੀ ਗਈ Y+ ਸੁਰੱਖਿਆ ਦਾ ਖਰਚਾ ਸ਼ਾਹਰੁਖ ਖਾਨ ਖੁਦ ਚੁੱਕਣਗੇ। ਅਦਾਕਾਰ ਨੂੰ ਇਸ ਦਾ ਭੁਗਤਾਨ ਮਹਾਰਾਸ਼ਟਰ ਸਰਕਾਰ ਨੂੰ ਕਰਨਾ ਪਵੇਗਾ।