ਫਲਸਤੀਨ ਦੇ ਕੱਟੜਪੰਥੀ ਸੰਗਠਨ ਹਮਾਸ ਨੇ ਸ਼ਨੀਵਾਰ (7 ਅਕਤੂਬਰ) ਨੂੰ ਇਜ਼ਰਾਈਲ ‘ਤੇ ਰਾਕੇਟ ਹਮਲੇ ਕੀਤੇ ਹਨ। ਇਸ ਹਮਲੇ ‘ਚ 100 ਤੋਂ ਵੱਧ ਲੋਕ ਮਾਰੇ ਗਏ ਹਨ ਅਤੇ ਵੱਡੀ ਗਿਣਤੀ ‘ਚ ਲੋਕ ਜ਼ਖਮੀ ਹੋਏ ਹਨ। ਹਮਾਸ ਦੇ ਰਾਕੇਟ ਹਮਲਿਆਂ ਨੂੰ ਲੈ ਕੇ ਦੁਨੀਆ ਦੇ ਵੱਖ-ਵੱਖ ਦੇਸ਼ਾਂ ਨੇ ਵੀ ਆਪਣੀ ਪ੍ਰਤੀਕਿਰਿਆ ਪ੍ਰਗਟਾਈ ਹੈ। ਭਾਰਤ, ਪਾਕਿਸਤਾਨ, ਅਮਰੀਕਾ, ਬ੍ਰਿਟੇਨ, ਕੁਵੈਤ, ਫਰਾਂਸ, ਯੂਕਰੇਨ, ਜਰਮਨੀ, ਇਟਲੀ, ਤੁਰਕੀ ਸਮੇਤ ਕਈ ਦੇਸ਼ਾਂ ਨੇ ਹਮਲਿਆਂ ਨੂੰ ਲੈ ਕੇ ਬਿਆਨ ਦਿੱਤੇ ਹਨ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਮਾਸ ਵੱਲੋਂ ਕੀਤੇ ਗਏ ਹਮਲਿਆਂ ਨੂੰ ਅੱਤਵਾਦੀ ਹਮਲੇ ਕਰਾਰ ਦਿੰਦਿਆਂ ਕਿਹਾ ਹੈ ਕਿ ਅਸੀਂ ਬੇਕਸੂਰ ਪੀੜਤਾਂ ਦੇ ਨਾਲ ਹਾਂ।
ਪੀਐਮ ਮੋਦੀ ਨੇ ਸੋਸ਼ਲ ਮੀਡੀਆ ਪਲੇਟਫਾਰਮ ਟਵਿੱਟਰ (ਹੁਣ ਐਕਸ) ‘ਤੇ ਲਿਖਿਆ, “ਇਜ਼ਰਾਈਲ ਵਿੱਚ ਅੱਤਵਾਦੀ ਹਮਲਿਆਂ ਦੀ ਖਬਰ ਤੋਂ ਡੂੰਘਾ ਸਦਮਾ ਲੱਗਿਆ ਹੈ। ਸਾਡੀਆਂ ਪ੍ਰਾਰਥਨਾਵਾਂ ਬੇਕਸੂਰ ਪੀੜਤਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨਾਲ ਹਨ। ਅਸੀਂ ਇਸ ਔਖੀ ਘੜੀ ਵਿੱਚ ਇਜ਼ਰਾਈਲ ਨਾਲ ਏਕਤਾ ਵਿੱਚ ਖੜੇ ਹਾਂ।” ਅਮਰੀਕਾ ਨੇ “ਇਜ਼ਰਾਈਲ ਵਿੱਚ ਹਮਾਸ ਦੇ ਭਿਆਨਕ ਹਮਲਿਆਂ” ਦੀ ਸਖ਼ਤ ਨਿੰਦਾ ਕੀਤੀ ਹੈ। ਵ੍ਹਾਈਟ ਹਾਊਸ ਨੇ ਇੱਕ ਬਿਆਨ ਵਿੱਚ ਕਿਹਾ, “ਰਾਸ਼ਟਰਪਤੀ (ਬਾਈਡੇਨ) ਅਪਡੇਟਸ ਪ੍ਰਾਪਤ ਕਰਨਾ ਜਾਰੀ ਰੱਖਣਗੇ ਅਤੇ ਵ੍ਹਾਈਟ ਹਾਊਸ ਦੇ ਅਧਿਕਾਰੀ ਇਜ਼ਰਾਈਲੀ ਭਾਈਵਾਲਾਂ ਨਾਲ ਨਜ਼ਦੀਕੀ ਸੰਪਰਕ ਵਿੱਚ ਰਹਿਣਗੇ।”
ਹਾਲਾਂਕਿ ਈਰਾਨ ਨੇ ਹਮਾਸ ਦੇ ਇਜ਼ਰਾਈਲ ‘ਤੇ ਹਮਲੇ ਦਾ ਸਮਰਥਨ ਕੀਤਾ ਹੈ। ਅਰਧ-ਅਧਿਕਾਰਤ ਆਈਐਸਐਨਏ ਨਿਊਜ਼ ਸਾਈਟ ਦੀ ਰਿਪੋਰਟ ਦੇ ਅਨੁਸਾਰ, ਈਰਾਨ ਦੇ ਸੁਪਰੀਮ ਨੇਤਾ ਅਲੀ ਹੁਸੈਨੀ ਖਮੇਨੇਈ ਦੇ ਸਲਾਹਕਾਰ ਨੇ ਕਿਹਾ ਕਿ ਈਰਾਨ ਫਲਸਤੀਨੀਆਂ ‘ਤੇ ਹਮਲੇ ਦਾ ਸਮਰਥਨ ਕਰਦਾ ਹੈ। ਸਲਾਹਕਾਰ ਰਹੀਮ ਸਫਾਵੀ ਦੇ ਹਵਾਲੇ ਨਾਲ ਕਿਹਾ ਗਿਆ, ਅਸੀਂ ਫਲਸਤੀਨੀ ਲੜਾਕਿਆਂ ਨੂੰ ਵਧਾਈ ਦਿੰਦੇ ਹਾਂ। ਅਸੀਂ ਫਲਸਤੀਨ ਅਤੇ ਯੇਰੂਸ਼ਲਮ ਦੀ ਆਜ਼ਾਦੀ ਤੱਕ ਫਲਸਤੀਨੀ ਲੜਾਕਿਆਂ ਦੇ ਨਾਲ ਖੜ੍ਹੇ ਰਹਾਂਗੇ।