ਅੱਜ ਤੋਂ ਕਈ ਸਾਲ ਪਹਿਲਾਂ NRI ਲਾੜਿਆਂ ਦਾ ਪੰਜਾਬ ਵਿੱਚ ਵਿਆਹ ਕਰਵਾਉਣ ਤੇ ਫਿਰ ਵਿਦੇਸ਼ ਚਲੇ ਜਾਣਾ ਅਤੇ ਬਾਅਦ ਵਿੱਚ ਵਾਪਸ ਨਾ ਪਰਤਨਾ, ਇਹ ਸਿਲਸਿਲਾ ਦੇਖਣ ਨੂੰ ਮਿਲਿਆ ਸੀ। ਵੋਹਟੀਆਂ ਵਿਚਾਰੀਆਂ ਆਪਣੇ ਹਮਸਫ਼ਰ ਦੀ ਉਡੀਕ ‘ਚ ਬੈਠੀਆਂ ਰਹਿੰਦੀਆਂ ਸਨ ਪਰ ਉਹ ਵਾਪਸ ਪੰਜਾਬ ਨਾ ਪਰਤੇ। ਅਜਿਹੇ ਹੀ NRI ਲਾੜਿਆਂ ਖਿਲਾਫ਼ ਪੰਜਾਬ ਪੁਲਿਸ ਨੇ ਵੱਡੀ ਕਾਰਵਾਈ ਕੀਤੀ ਹੈ।
ਪੰਜਾਬ ਵਿੱਚ ਧੋਖੇ ਨਾਲ ਸ਼ਾਹੀ ਵਿਆਹ ਕਰਵਾ ਕੇ ਵਿਦੇਸ਼ਾਂ ਵਿੱਚ ਰਹਿ ਕੇ ਐਸ਼ੋ-ਆਰਾਮ ਵਿੱਚ ਰਹਿ ਰਹੇ ਐਨਆਰਆਈ ਲਾੜਿਆਂ ਦੀਆਂ ਮੁਸ਼ਕਿਲਾਂ ਵੱਧ ਗਈਆਂ ਹਨ। ਸੂਬੇ ਦੇ ਵੱਖ-ਵੱਖ ਐਨਆਰਆਈ ਥਾਣਿਆਂ ਵਿੱਚ ਦਰਜ ਅਜਿਹੇ ਮਾਮਲਿਆਂ ਵਿੱਚ 331 ਲੋਕ ਭਗੌੜੇ ਐਲਾਨੇ ਜਾ ਚੁੱਕੇ ਹਨ। ਪੁਲਿਸ ਨੇ 15 ਸਾਲਾਂ ਤੋਂ ਭਗੌੜੇ ਐਲਾਨੇ ਇਨ੍ਹਾਂ ਲਾੜਿਆਂ ਦੀਆਂ ਜਾਇਦਾਦਾਂ ਕੁਰਕ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਤਾਂ ਜੋ ਪੀੜਤ ਲੜਕੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਇਨਸਾਫ਼ ਦਿਵਾਇਆ ਜਾ ਸਕੇ।
ਪੰਜਾਬ ਦੇ ਥਾਣਿਆਂ ਵਿੱਚ ਦਰਜ ਹੋਏ ਕੇਸਾਂ ਤੋਂ ਸਾਫ਼ ਹੈ ਕਿ ਪੰਜਾਬ ਦੇ ਲੋਕ ਆਪਣੇ ਬੱਚਿਆਂ ਨੂੰ ਵਿਦੇਸ਼ਾਂ ਵਿੱਚ ਸੈਟਲ ਕਰਨ ਵਿੱਚ ਜ਼ਿਆਦਾ ਦਿਲਚਸਪੀ ਰੱਖਦੇ ਹਨ। ਉਥੇ ਬੈਠੇ ਸ਼ਰਾਰਤੀ ਲੋਕ ਇਸ ਗੱਲ ਦਾ ਫਾਇਦਾ ਉਠਾਉਂਦੇ ਹਨ। ਨਾਲੇ ਲੋਕ ਆਪਣੀਆਂ ਪੜ੍ਹੀਆਂ-ਲਿਖੀਆਂ ਧੀਆਂ ਦਾ ਵਿਆਹ ਅਜਿਹੇ ਲੋਕਾਂ ਨਾਲ ਕਰ ਦਿੰਦੇ ਹਨ। ਉਨ੍ਹਾਂ ਦੀ ਮੰਗ ਅਨੁਸਾਰ ਸਾਰੀਆਂ ਚੀਜ਼ਾਂ ਵੀ ਦਿੱਤੀਆਂ ਜਾਂਦੀਆਂ ਹਨ ਪਰ ਇਹ ਲੋਕ ਵਿਆਹ ਤੋਂ ਬਾਅਦ ਤਿੰਨ-ਚਾਰ ਮਹੀਨੇ ਇੱਥੇ ਰਹਿੰਦੇ ਹਨ। ਇਸ ਤੋਂ ਬਾਅਦ ਉਹ ਧੋਖੇ ਨਾਲ ਫ਼ਰਾਰ ਹੋ ਜਾਂਦੇ ਹਨ। ਨਾਲ ਹੀ, ਲੜਕੀਆਂ ਆਪਣੇ ਪਰਿਵਾਰਕ ਮੈਂਬਰਾਂ ‘ਤੇ ਨਿਰਭਰ ਰਹਿੰਦੀਆਂ ਹਨ।
NRI ਥਾਣਿਆਂ ‘ਚ ਦਰਜ ਕੇਸਾਂ ਵਿਚੋਂ ਸਭ ਤੋਂ ਵੱਧ 51 ਪੰਜਾਬੀ ਅਮਰੀਕਾ ਵਿੱਚ ਬੈਠੇ ਹਨ। ਇਸੇ ਤਰ੍ਹਾਂ ਯੂਕੇ ‘ਚ 46, ਕੈਨੇਡਾ ‘ਚ 34, ਅਸਟਰੇਲੀਆ ‘ਚ 23, ਜਰਮਨੀ ‘ਚ 7 ਤੇ ਨਿਊਜ਼ੀਲੈਂਡ ‘ਚ ਛੇ ਭਗੌੜੇ ਬੈਠੇ ਹਨ। ਇਹ ਕੇਵਲ ਉਹ ਕੇਸ ਹਨ ਜੋ ਐੱਨਆਰਆਈ ਥਾਣਿਆਂ ਵਿਚ ਦਰਜ ਹਨ। ਇਨ੍ਹਾਂ ਭਗੌੜਿਆਂ ‘ਚ 65 ਐੱਨਆਰਆਈ ਔਰਤਾਂ ਵੀ ਸ਼ਾਮਲ ਹਨ, ਜਿਨ੍ਹਾਂ ਨੇ ਆਪਣਿਆਂ ਨਾਲ ਧੋਖਾ ਕੀਤਾ ਹੈ। ਇਸ ਵੇਲੇ 147 ਭਗੜੇ ਵਿਦੇਸ਼ਾਂ ‘ਚ ਬੈਠੇ ਹਨ, ਜਿਨ੍ਹਾਂ ਨੇ ਆਪਣੇ ਜੀਵਨ ਸਾਥੀਆਂ ਨਾਲ ਧੋਖਾ ਕੀਤਾ ਹੈ। ਵੇਰਵਿਆਂ ਅਨੁਸਾਰ ਵਿਦੇਸ਼ਾਂ ‘ਚ ਬੈਠੇ 59 ਭਗੌੜੇ ਉਹ ਹਨ, ਜਿਨ੍ਹਾਂ ਨੇ ਆਪਣਿਆਂ ਨਾਲ ਵਿੱਤੀ ਠੱਗੀ ਮਾਰੀ ਹੈ। ਕੁੱਲ 331 ਪਰਵਾਸੀ ਭਗੌੜਿਆਂ ਚੋਂ 287 ਨੂੰ ਤਾਂ ਗੰਭੀਰ ਜੁਰਮ ਵਿੱਚ ਅਦਾਲਤਾਂ ਨੇ ਭਗੌੜਾ ਐਲਾਨਿਆ ਹੈ।