ਹਾਂਗਜ਼ੂ ਏਸ਼ਿਆਈ ਖੇਡਾਂ ਵਿੱਚ ਭਾਰਤੀ ਪੁਰਸ਼ ਹਾਕੀ ਟੀਮ ਨੇ ਇਤਿਹਾਸ ਰਚ ਦਿੱਤਾ ਹੈ। ਸੋਨ ਤਗਮਾ ਮੁਕਾਬਲੇ ਵਿੱਚ ਭਾਰਤ ਨੇ 2018 ਦੇ ਸੋਨ ਤਗਮਾ ਜੇਤੂ ਜਾਪਾਨ ਨੂੰ 4-0 ਨਾਲ ਹਰਾਇਆ ਹੈ। ਇਸ ਜਿੱਤ ਨਾਲ ਟੀਮ ਇੰਡੀਆ ਨੇ ਨੌਂ ਸਾਲਾਂ ਬਾਅਦ ਇਨ੍ਹਾਂ ਖੇਡਾਂ ਵਿੱਚ ਹਾਕੀ ਵਿੱਚ ਸੋਨ ਤਮਗਾ ਜਿੱਤਿਆ ਹੈ। ਭਾਰਤ ਨੇ ਆਖਰੀ ਵਾਰ ਏਸ਼ਿਆਈ ਖੇਡਾਂ ਵਿੱਚ ਸੋਨ ਤਮਗਾ 2014 ਦੀਆਂ ਇੰਚੀਓਨ ਏਸ਼ਿਆਈ ਖੇਡਾਂ ਵਿੱਚ ਜਿੱਤਿਆ ਸੀ। ਟੀਮ ਇੰਡੀਆ ਨੇ ਫਾਈਨਲ ‘ਚ ਪਿਛਲੀ ਵਾਰ ਦੀ ਏਸ਼ੀਆ ਚੈਂਪੀਅਨ ਜਾਪਾਨ ਨੂੰ 5-1 ਨਾਲ ਹਰਾਇਆ ਸੀ। ਇਸ ਤੋਂ ਪਹਿਲਾਂ ਪੂਲ ਰਾਊਂਡ ‘ਚ ਵੀ ਭਾਰਤ ਅਤੇ ਜਾਪਾਨ ਦੀ ਟੱਕਰ ਹੋਈ ਸੀ, ਜਿਸ ‘ਚ ਭਾਰਤ ਨੇ 4-2 ਨਾਲ ਜਿੱਤ ਦਰਜ ਕੀਤੀ ਸੀ। ਫਾਈਨਲ ਮੈਚ ਵਿੱਚ ਭਾਰਤ ਵੱਲੋਂ ਬਹੁਤ ਵਧੀਆ ਖੇਡ ਦੇਖਣ ਨੂੰ ਮਿਲੀ। ਭਾਰਤ ਦੇ ਸਾਹਮਣੇ ਵਿਰੋਧੀ ਜਾਪਾਨ ਸਿਰਫ਼ ਇੱਕ ਗੋਲ ਕਰਨ ਵਿੱਚ ਕਾਮਯਾਬ ਰਿਹਾ।
ਇਸ ਸੋਨੇ ਦੇ ਨਾਲ ਹੀ ਭਾਰਤੀ ਹਾਕੀ ਟੀਮ ਨੇ 2024 ਵਿੱਚ ਪੈਰਿਸ ਵਿੱਚ ਹੋਣ ਵਾਲੀਆਂ ਓਲੰਪਿਕ ਖੇਡਾਂ ਲਈ ਵੀ ਕੁਆਲੀਫਾਈ ਕਰ ਲਿਆ ਹੈ। ਮੈਚ ਦੀ ਗੱਲ ਕਰੀਏ ਤਾਂ ਪਹਿਲੇ ਕੁਆਰਟਰ ਵਿੱਚ ਦੋਵੇਂ ਟੀਮਾਂ ਗੋਲ ਨਹੀਂ ਕਰ ਸਕੀਆਂ। ਫਿਰ ਦੂਜੇ ਕੁਆਰਟਰ ਵਿੱਚ ਮੈਚ ਦੇ 25ਵੇਂ ਮਿੰਟ ਵਿੱਚ ਭਾਰਤ ਵੱਲੋਂ ਮੈਚ ਦਾ ਪਹਿਲਾ ਗੋਲ ਕੀਤਾ ਗਿਆ। ਮਨਦੀਪ ਸਿੰਘ ਨੇ ਇਹ ਗੋਲ ਕਰਕੇ ਭਾਰਤ ਨੂੰ 1-0 ਦੀ ਬੜ੍ਹਤ ਦਿਵਾਈ। ਇਸ ਤਰ੍ਹਾਂ ਭਾਰਤੀ ਟੀਮ ਨੇ ਮੈਚ ਦੇ ਅੱਧੇ ਸਮੇਂ ਤੱਕ ਬੜ੍ਹਤ ਬਣਾ ਲਈ ਸੀ।