ਕੁਈਨਸਟਾਊਨ ਹਵਾਈ ਅੱਡੇ ‘ਤੇ ਬੰਬ ਖ਼ਬਰ ਅਫਵਾਹ ਸਾਬਿਤ ਹੋਈ ਹੈ। ਚੈਕਿੰਗ ਤੋਂ ਬਾਅਦ ਹੁਣ ਹਵਾਈ ਅੱਡੇ ਨੂੰ ਯਾਤਰੀਆਂ ਲਈ ਫਿਰ ਤੋਂ ਖੋਲ੍ਹ ਦਿੱਤਾ ਗਿਆ ਹੈ। ਇਸ ਤੋਂ ਪਹਿਲਾ ਹਵਾਈ ਅੱਡੇ ਨੂੰ “ਸੰਭਾਵੀ ਬੰਬ ਦੀ ਧਮਕੀ” ਦੇ ਵਿਚਕਾਰ ਅੱਜ ਸਵੇਰੇ ਖਾਲੀ ਕਰਵਾਇਆ ਗਿਆ ਸੀ। ਜਿੱਥੇ ਪਹਿਲਾਂ ਯਾਤਰੀਆਂ ਨੂੰ ਬਾਹਰ ਕੱਢਣਾ ਪਿਆ ਸੀ ਉੱਥੇ ਹੀ ਆਉਣ ਵਾਲੇ ਜਹਾਜ਼ਾਂ ਨੂੰ ਵੀ ਮੋੜ (diverted ) ਦਿੱਤਾ ਗਿਆ ਸੀ। ਪੁਲਿਸ ਨੇ ਕਿਹਾ ਕਿ “ਸਵੇਰੇ 8.40 ਵਜੇ ਇੱਕ ਰਿਪੋਰਟ ਮਿਲੀ ਸੀ”, ਜਿਸ ਤੋਂ ਬਾਅਦ ਟਰਮੀਨਲ ਨੂੰ ਖਾਲੀ ਕਰਨ ਲਈ ਕਿਹਾ ਗਿਆ ਸੀ।
ਮੁਲਾਂਕਣ ਕਰਨ ਲਈ ਇੱਕ ਡਿਫੈਂਸ ਫੋਰਸ ਵਿਸਫੋਟਕ ਆਰਡੀਨੈਂਸ ਡਿਸਪੋਜ਼ਲ ਯੂਨਿਟ ਹਵਾਈ ਅੱਡੇ ‘ਤੇ ਪਹੁੰਚੀ ਸੀ। ਇਸ ਦੌਰਾਨ ਹਵਾਈ ਅੱਡੇ ‘ਤੇ ਨਾ ਕੋਈ ਉਡਾਣ ਆਈ ਅਤੇ ਨਾ ਹੀ ਗਈ। ਡਿਫੈਂਸ ਫੋਰਸ ਯੂਨਿਟ ਵੱਲੋਂ ਕੀਤੀ ਚੈਕਿੰਗ ਮਗਰੋਂ ਹਵਾਈ ਅੱਡਾ ਹੁਣ ਦੁਬਾਰਾ ਖੋਲ੍ਹਿਆ ਗਿਆ ਹੈ। ਹਵਾਈ ਅੱਡੇ ਨੇ ਫੇਸਬੁੱਕ ‘ਤੇ ਕਿਹਾ, “ਅਸੀਂ ਜਨਤਾ ਦੇ ਮੈਂਬਰਾਂ ਦੇ ਸਬਰ ਅਤੇ ਸਮਝ ਲਈ ਧੰਨਵਾਦ ਕਰਨਾ ਚਾਹੁੰਦੇ ਹਾਂ।” “ਜੇਕਰ ਤੁਸੀਂ ਪ੍ਰਭਾਵਿਤ ਹੋਏ ਹੋ ਅਤੇ ਤੁਹਾਡੀ ਬੁਕਿੰਗ ਦੀ ਪੁਸ਼ਟੀ ਨਹੀਂ ਹੋਈ ਹੈ, ਤਾਂ ਕਿਰਪਾ ਕਰਕੇ ਆਪਣੀ ਏਅਰਲਾਈਨ ਨਾਲ ਸੰਪਰਕ ਕਰੋ।”