ਚਾਰ ਸਾਲ ਪਹਿਲਾਂ ਲਾਰਡਸ ਵਿੱਚ ਸਭ ਕੁੱਝ ਕਰਨ ਅਤੇ ਪੂਰਾ ਜ਼ੋਰ ਲਾਉਣ ਦੇ ਬਾਵਜੂਦ ਸਿਰਫ਼ ਇੱਕ ਨਿਯਮ ਨੇ ਨਿਊਜ਼ੀਲੈਂਡ ਤੋਂ ਵਿਸ਼ਵ ਕੱਪ ਖੋਹ ਲਿਆ ਸੀ। ਹੁਣ ਚਾਰ ਸਾਲ ਬਾਅਦ ਨਿਊਜ਼ੀਲੈਂਡ ਨੇ ਅਹਿਮਦਾਬਾਦ ਤੋਂ ਬਦਲਾ ਲੈਣਾ ਸ਼ੁਰੂ ਕਰ ਦਿੱਤਾ ਹੈ। ਵਿਸ਼ਵ ਕੱਪ 2023 ਦੇ ਪਹਿਲੇ ਹੀ ਮੈਚ ਵਿੱਚ ਨਿਊਜ਼ੀਲੈਂਡ ਨੇ ਮੌਜੂਦਾ ਚੈਂਪੀਅਨ ਇੰਗਲੈਂਡ ਨੂੰ 9 ਵਿਕਟਾਂ ਨਾਲ ਹਰਾ ਕੇ ਸਨਸਨੀਖੇਜ਼ ਜਿੱਤ ਦਰਜ ਕੀਤੀ ਹੈ। ਨਿਊਜ਼ੀਲੈਂਡ ਨੇ ਡੇਵੋਨ ਕੋਨਵੇ (ਅਜੇਤੂ 152) ਅਤੇ ਰਚਿਨ ਰਵਿੰਦਰਾ (ਅਜੇਤੂ 123) ਦੇ ਰਿਕਾਰਡ ਤੋੜ ਸੈਂਕੜਿਆਂ ਦੇ ਆਧਾਰ ‘ਤੇ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ‘ਚ ਸ਼ਾਨਦਾਰ ਜਿੱਤ ਨਾਲ ਟੂਰਨਾਮੈਂਟ ਦੀ ਸ਼ੁਰੂਆਤ ਕੀਤੀ ਅਤੇ ਬਾਕੀ ਸਾਰੀਆਂ ਟੀਮਾਂ ਨੂੰ ਚੇਤਾਵਨੀ ਵੀ ਦਿੱਤੀ।
2019 ਵਿਸ਼ਵ ਕੱਪ ਦੇ ਫਾਈਨਲ ਵਿੱਚ, ਨਿਊਜ਼ੀਲੈਂਡ ਨੂੰ ਘੱਟ ਚੌਕੇ ਮਾਰਨ ਦੇ ਨਤੀਜੇ ਭੁਗਤਣੇ ਪਏ ਅਤੇ ਮੈਚ ਟਾਈ ਹੋਣ ਦੇ ਬਾਵਜੂਦ, ਉਹ ਇੰਗਲੈਂਡ ਤੋਂ ਵਿਸ਼ਵ ਕੱਪ ਦਾ ਖਿਤਾਬ ਗੁਆ ਬੈਠਾ। ਇਸ ਵਾਰ ਵਿਸ਼ਵ ਕੱਪ ‘ਚ ਇਹ ਨਿਯਮ ਨਹੀਂ ਹੈ ਪਰ ਪਹਿਲੇ ਹੀ ਮੈਚ ‘ਚ ਨਿਊਜ਼ੀਲੈਂਡ ਨੇ ਇਸ ਨਿਯਮ ਦੇ ਆਧਾਰ ‘ਤੇ ਇੰਗਲੈਂਡ ਨੂੰ ਹਰਾਇਆ ਹੈ। ਇੰਗਲੈਂਡ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 9 ਵਿਕਟਾਂ ਦੇ ਨੁਕਸਾਨ ‘ਤੇ 282 ਦੌੜਾਂ ਬਣਾਈਆਂ, ਜਿਸ ‘ਚ 21 ਚੌਕੇ ਅਤੇ 6 ਛੱਕੇ ਸ਼ਾਮਿਲ ਸਨ। ਨਿਊਜ਼ੀਲੈਂਡ ਨੇ ਇਹ ਟੀਚਾ ਸਿਰਫ਼ 36.2 ਓਵਰਾਂ ਵਿੱਚ ਹਾਸਿਲ ਕਰ ਲਿਆ, ਜਿਸ ਵਿੱਚ 30 ਚੌਕੇ ਅਤੇ 8 ਛੱਕੇ ਸ਼ਾਮਿਲ ਸਨ।