ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਅਤੇ ਲੇਬਰ ਨੇਤਾ ਕ੍ਰਿਸ ਹਿਪਕਿਨਜ਼ ਨੇ ਖੁਲਾਸਾ ਕੀਤਾ ਹੈ ਕਿ ਉਨ੍ਹਾਂ ਨੂੰ ਕੋਰੋਨਾ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਕੋਵਿਡ -19 ਟੈਸਟ ਸਕਾਰਾਤਮਕ ਆਇਆ ਹੈ, ਹਾਲਾਂਕਿ ਪਾਰਟੀ ਅੱਜ ਆਪਣਾ ਚੋਣ ਮਨੋਰਥ ਪੱਤਰ ਜਾਰੀ ਕਰਨ ਦੀ ਤਿਆਰੀ ਕਰ ਰਹੀ ਸੀ ਇਸ ਵਿਚਕਾਰ ਇਹ ਵੱਡੀ ਖ਼ਬਰ ਸਾਹਮਣੇ ਆਈ ਹੈ। ਉਨ੍ਹਾਂ ਨੂੰ ਕੱਲ੍ਹ ਤੋਂ ਜ਼ੁਕਾਮ ਅਤੇ ਫਲੂ ਦੇ ਲੱਛਣ ਹਨ ਅਤੇ ਪੰਜ ਦਿਨਾਂ ਲਈ ਜਾਂ ਜਦੋਂ ਤੱਕ ਉਨ੍ਹਾਂ ਦਾ ਟੈਸਟ ਨਕਾਰਾਤਮਕ ਨਹੀਂ ਆਉਂਦਾ ਓਦੋਂ ਤੱਕ ਉਨ੍ਹਾਂ ਨੂੰ ਅਲੱਗ ਰੱਖਿਆ ਜਾਵੇਗਾ।
ਹਿਪਕਿਨਜ਼ ਨੇ ਪਹਿਲਾਂ ਹੀ ਬਿਮਾਰ ਮਹਿਸੂਸ ਕਰਨ ਤੋਂ ਬਾਅਦ ਅੱਜ ਆਪਣੀਆਂ ਜ਼ਿਆਦਾਤਰ ਰੁਝੇਵਿਆਂ ਨੂੰ ਰੱਦ ਕਰ ਦਿੱਤਾ ਸੀ। ਸਿਰਫ ਪ੍ਰਧਾਨ ਮੰਤਰੀ ਹੀ ਨਹੀਂ ਦੱਖਣ ਵਿੱਚ, ਡੁਨੇਡਿਨ ਲਈ ਲੇਬਰ ਦੇ ਉਮੀਦਵਾਰ ਰਾਚੇਲ ਬਰੂਕਿੰਗ ਦਾ ਵੀ ਕੋਵਿਡ -19 ਟੈਸਟ ਸਕਾਰਾਤਮਕ ਆਇਆ ਹੈ ਅਤੇ ਉਹ ਵੀ ਕੁਝ ਦਿਨਾਂ ਦੀ ਚੋਣ ਪ੍ਰਚਾਰ ਤੋਂ ਛੁੱਟੀ ਲੈਣਗੇ। ਉੱਥੇ ਹੀ ਨੈਸ਼ਨਲ ਪਾਰਟੀ ਦੇ ਨੇਤਾ ਕ੍ਰਿਸਟੋਫਰ ਲਕਸਨ ਨੇ ਆਪਣੇ ਵਿਰੋਧੀ ਦੀ ਸਿਹਤਯਾਬੀ ਦੀ ਕਾਮਨਾ ਕੀਤੀ ਹੈ।