ਨਿਊਜ਼ੀਲੈਂਡ ‘ਚ ਲੁਟੇਰੇ ਬੇਖੌਫ ਨਜ਼ਰ ਆ ਰਹੇ ਹਨ ਜੋ ਆਏ ਵੱਡੀਆਂ ਵਾਰਦਾਤਾਂ ਨੂੰ ਅੰਜ਼ਾਮ ਦੇ ਰਹੇ ਹਨ। ਹੁਣ ਲੁੱਟ ਦਾ ਇੱਕ ਹੋਰ ਮਾਮਲਾ ਆਕਲੈਂਡ ਤੋਂ ਸਾਹਮਣੇ ਆਇਆ ਹੈ. ਪੂਰਬੀ ਆਕਲੈਂਡ ਵਿੱਚ ਇੱਕ ਗੇਮਿੰਗ ਲਾਉਂਜ ਵਿੱਚ ਬੀਤੀ ਰਾਤ ਹੋਈ ਭਿਆਨਕ ਲੁੱਟ ਦੌਰਾਨ ਇੱਕ ਕਰਮਚਾਰੀ ਜ਼ਖਮੀ ਹੋ ਗਿਆ। ਪੁਲਿਸ ਦਾ ਕਹਿਣਾ ਹੈ ਕਿ ਹਥਿਆਰਾਂ ਨਾਲ ਲੈਸ ਇੱਕ ਸਮੂਹ ਸਵੇਰੇ ਲਗਭਗ 1.37 ਵਜੇ ਹਾਫ ਮੂਨ ਬੇ ਦੇ ਪਾਕੁਰੰਗਾ ਰੋਡ ‘ਤੇ ਲਾਉਂਜ ਵਿੱਚ ਦਾਖਲ ਹੋਇਆ ਸੀ। ਅੰਦਰ ਮੌਜੂਦ ਘੱਟੋ-ਘੱਟ ਤਿੰਨ ਮੁਲਾਜ਼ਮਾਂ ਨੂੰ ਧਮਕਾਇਆ ਗਿਆ, ਜਿਸ ਮਗਰੋਂ ਇਹ ਟੋਲਾ ਉਨ੍ਹਾਂ ਤੋਂ ਨਕਦੀ ਖੋਹ ਕੇ ਫਰਾਰ ਹੋ ਗਿਆ। ਫਿਰ ਉਹ ਚੋਰੀ ਦੀ ਗੱਡੀ ਵਿੱਚ ਮੌਕੇ ਤੋਂ ਫਰਾਰ ਹੋ ਗਏ ਸਨ, ਜਿਸਦੀ ਪਛਾਣ ਹੋ ਗਈ ਹੈ।
ਪੁਲਿਸ ਨੇ ਕਿਹਾ, “ਇਸ ਘਟਨਾ ਦੇ ਸਬੰਧ ਵਿੱਚ ਇੱਕ ਕਰਮਚਾਰੀ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ ਅਤੇ ਰਾਤ ਉਸਦਾ ਇਲਾਜ ਕਰਵਾਇਆ ਗਿਆ ਹੈ।” ਪੁਲਿਸ ਨੇ ਘਟਨਾ ਤੋਂ ਬਾਅਦ “ਕਈ ਗਵਾਹਾਂ” ਨਾਲ ਗੱਲ ਕੀਤੀ ਹੈ ਅਤੇ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ।