ਮੋਹਾਲੀ ਦੇ ਕੁਰਾਲੀ ਦੇ ਫੋਕਲ ਪੁਆਇੰਟ ‘ਤੇ ਸਥਿਤ ਇਕ ਕੈਮੀਕਲ ਫੈਕਟਰੀ ‘ਚ ਬੁੱਧਵਾਰ ਨੂੰ ਭਿਆਨਕ ਅੱਗ ਲੱਗ ਗਈ। ਜਿਸ ਵਿੱਚ 5 ਔਰਤਾਂ ਸਮੇਤ 8 ਲੋਕ ਬੁਰੀ ਤਰ੍ਹਾਂ ਝੁਲਸ ਗਏ। ਇਨ੍ਹਾਂ ਵਿੱਚੋਂ 2 ਔਰਤਾਂ ਨੂੰ ਮੁਹਾਲੀ ਤੋਂ ਚੰਡੀਗੜ੍ਹ ਰੈਫਰ ਕੀਤਾ ਗਿਆ ਹੈ। ਜਿਨ੍ਹਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਮੁਹਾਲੀ ਤੋਂ ਇਲਾਵਾ ਰੋਪੜ ਤੋਂ ਸਿਹਤ ਟੀਮਾਂ ਨੂੰ ਮੌਕੇ ’ਤੇ ਭੇਜਿਆ ਗਿਆ ਹੈ।
ਫਿਲਹਾਲ ਪ੍ਰਸ਼ਾਸਨ ਨੇ ਅੱਗ ‘ਤੇ ਕਾਬੂ ਪਾ ਲਿਆ ਹੈ। ਫੈਕਟਰੀ ਵਿੱਚ ਸਵੇਰੇ ਕਰੀਬ ਸਾਢੇ 11 ਵਜੇ ਅੱਗ ਲੱਗ ਗਈ ਸੀ। ਜਿਸ ਨੂੰ ਕਰੀਬ 8 ਘੰਟੇ ਬਾਅਦ ਕਾਬੂ ਕੀਤਾ ਗਿਆ। ਫਿਲਹਾਲ ਫੈਕਟਰੀ ‘ਚ ਤਾਪਮਾਨ ਜ਼ਿਆਦਾ ਹੋਣ ਕਾਰਨ ਕੋਈ ਤਲਾਸ਼ੀ ਮੁਹਿੰਮ ਨਹੀਂ ਚਲਾਈ ਗਈ ਹੈ ਪਰ ਫੈਕਟਰੀ ਅੰਦਰ ਕੁਝ ਮਜ਼ਦੂਰਾਂ ਦੇ ਦੱਬੇ ਹੋਣ ਦਾ ਖਦਸ਼ਾ ਹੈ। ਕਈ ਮਜ਼ਦੂਰਾਂ ਦੇ ਰਿਸ਼ਤੇਦਾਰ ਮੌਕੇ ‘ਤੇ ਉਨ੍ਹਾਂ ਦੀ ਭਾਲ ਕਰ ਰਹੇ ਸਨ ਪਰ ਅਜੇ ਤੱਕ ਉਨ੍ਹਾਂ ਦਾ ਕੋਈ ਸੁਰਾਗ ਨਹੀਂ ਮਿਲਿਆ। ਅੱਗ ਦੀ ਸਥਿਤੀ ਨੂੰ ਦੇਖਦੇ ਹੋਏ ਮੁਹਾਲੀ ਪ੍ਰਸ਼ਾਸਨ ਨੇ ਚੰਡੀਗੜ੍ਹ ਤੋਂ ਮਦਦ ਮੰਗੀ ਸੀ। ਚੰਡੀਗੜ੍ਹ ਤੋਂ ਫੋਮ ਫਾਇਰ ਟੈਂਡਰ ਬੁਲਾਏ ਗਏ ਸਨ, ਜਿਸ ਤੋਂ ਬਾਅਦ ਕੈਮੀਕਲ ਅੱਗ ‘ਤੇ ਕਾਬੂ ਪਾਇਆ ਗਿਆ।
ਇਸ ਤੋਂ ਪਹਿਲਾਂ ਜਿਵੇਂ ਹੀ ਅੱਗ ਲੱਗੀ ਤਾਂ ਪੂਰੇ ਅਸਮਾਨ ਵਿੱਚ ਧੂੰਏਂ ਦੇ ਬੱਦਲ ਛਾ ਗਏ। ਅੱਗ ਬੁਝਾਉਣ ਲਈ ਫਾਇਰ ਬ੍ਰਿਗੇਡ ਦੀਆਂ 24 ਗੱਡੀਆਂ ਮੌਕੇ ‘ਤੇ ਪਹੁੰਚੀਆਂ। ਫੈਕਟਰੀ ਦੇ ਅੰਦਰ ਕਈ ਧਮਾਕੇ ਹੋਏ। ਅੱਖਾਂ ਵਿੱਚ ਜਲਨ ਅਤੇ ਆਸਪਾਸ ਦੇ ਇਲਾਕਿਆਂ ਵਿੱਚ ਸਾਹ ਲੈਣ ਵਿੱਚ ਦਿੱਕਤ ਆ ਰਹੀ ਸੀ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਮੁਹਾਲੀ ਦੀ ਡੀਸੀ ਆਸ਼ਿਕਾ ਜੈਨ ਨੇ ਪੂਰੇ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ ਹਨ। ਐਸਡੀਐਮ ਖਰੜ ਹੁਣ ਪੂਰੇ ਮਾਮਲੇ ਦੀ ਜਾਂਚ ਕਰਨਗੇ।
ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਨੇ ਵੀ ਘਟਨਾ ਸਥਾਨ ਦਾ ਦੌਰਾ ਕੀਤਾ ਅਤੇ ਸਥਿਤੀ ਦਾ ਜਾਇਜ਼ਾ ਲਿਆ। ਉਨ੍ਹਾਂ ਮੌਕੇ ’ਤੇ ਮੌਜੂਦ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਅੱਗ ’ਤੇ ਜਲਦੀ ਤੋਂ ਜਲਦੀ ਕਾਬੂ ਪਾਉਣ ਲਈ ਵੱਧ ਤੋਂ ਵੱਧ ਉਪਰਾਲੇ ਕੀਤੇ ਜਾਣ। ਨਾਲ ਹੀ ਘਟਨਾ ਦੇ ਕਾਰਨਾਂ ਦੀ ਜਾਂਚ ਦੇ ਹੁਕਮ ਦਿੱਤੇ ਹਨ।