ਪੰਜਾਬ ਤੋਂ ਰਾਜ ਸਭਾ ਮੈਂਬਰ ਰਾਘਵ ਚੱਢਾ ਅਤੇ ਅਦਾਕਾਰਾ ਪ੍ਰੀਨਿਤੀ ਚੋਪੜਾ ਐਤਵਾਰ ਨੂੰ ਰਾਜਸਥਾਨ ਵਿੱਚ ਵਿਆਹ ਦੇ ਬੰਧਨ ਵਿੱਚ ਬੱਝ ਜਾਣਗੇ। ਵਿਆਹ ਸਮਾਗਮ ਉਦੈਪੁਰ ਦੇ ਲੀਲਾ ਪੈਲੇਸ ‘ਚ ਹੋਵੇਗਾ। ਸਮਾਗਮ ਵਿੱਚ ਸ਼ਾਮਿਲ ਹੋਣ ਲਈ ਵੀਆਈਪੀ ਮਹਿਮਾਨ ਪੁੱਜਣੇ ਸ਼ੁਰੂ ਹੋ ਗਏ ਹਨ। ਹਵਾਈ ਅੱਡੇ ‘ਤੇ ਬੈਂਡਾਂ ਨਾਲ ਮਹਿਮਾਨਾਂ ਦਾ ਸਵਾਗਤ ਕੀਤਾ ਜਾ ਰਿਹਾ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੀ ਸਖ਼ਤ ਸੁਰੱਖਿਆ ਹੇਠ ਸ਼ਨੀਵਾਰ ਨੂੰ ਉਦੈਪੁਰ ਪਹੁੰਚੇ ਹਨ। ਇਸ ਤੋਂ ਇਲਾਵਾ ਰਾਜ ਸਭਾ ਮੈਂਬਰ ਸੰਜੇ ਸਿੰਘ ਅਤੇ ਅਦਾਕਾਰਾ ਭਾਗਿਆ ਸ਼੍ਰੀ ਵੀ ਸਮਾਗਮ ਵਿੱਚ ਪੁੱਜੇ। ਵਿਆਹ ਲਈ ਮਹਿਲ ਨੂੰ ਦੁਲਹਨ ਵਾਂਗ ਸਜਾਇਆ ਗਿਆ ਹੈ।