ਵਨਡੇ ਵਿਸ਼ਵ ਕੱਪ 2023 5 ਅਕਤੂਬਰ ਤੋਂ ਸ਼ੁਰੂ ਹੋਵੇਗਾ ਪਰ ਇਸ ਤੋਂ ਪਹਿਲਾਂ ਨਿਊਜ਼ੀਲੈਂਡ ਦੀ ਟੀਮ ਲਈ ਇੱਕ ਬੁਰੀ ਖਬਰ ਸਾਹਮਣੇ ਆਈ ਹੈ। ਟੀਮ ਦੇ ਤਜਰਬੇਕਾਰ ਤੇਜ਼ ਗੇਂਦਬਾਜ਼ ਟਿਮ ਸਾਊਥੀ ਦੇ ਇੰਗਲੈਂਡ ਖਿਲਾਫ ਚੌਥੇ ਵਨਡੇ ਮੈਚ ‘ਚ ਫੀਲਡਿੰਗ ਕਰਦੇ ਸਮੇਂ ਸੱਜੇ ਹੱਥ ਦੇ ਅੰਗੂਠੇ ‘ਤੇ ਸੱਟ ਲੱਗ ਗਈ ਸੀ। ਹੁਣ ਸਾਊਥੀ ਨੂੰ ਇਸ ਤੋਂ ਉਭਰਨ ਲਈ ਸਰਜਰੀ ਕਰਵਾਉਣੀ ਪਵੇਗੀ। ਅਜਿਹੇ ‘ਚ ਹੁਣ ਸਾਊਥੀ ਲਈ ਵਿਸ਼ਵ ਕੱਪ ‘ਚ ਖੇਡਣਾ ਕਾਫੀ ਮੁਸ਼ਕਿਲ ਨਜ਼ਰ ਆ ਰਿਹਾ ਹੈ।
ਚੌਥੇ ਵਨਡੇ ‘ਚ ਜੋ ਰੂਟ ਦਾ ਕੈਚ ਫੜਨ ਦੀ ਕੋਸ਼ਿਸ਼ ‘ਚ ਜਦੋਂ ਟਿਮ ਸਾਊਥੀ ਜ਼ਖਮੀ ਹੋ ਗਏ ਤਾਂ ਉਹ ਕਾਫੀ ਦਰਦ ‘ਚ ਨਜ਼ਰ ਆਏ ਸਨ। ਇਸ ਤੋਂ ਬਾਅਦ ਉਹ ਮੈਦਾਨ ਤੋਂ ਵੀ ਬਾਹਰ ਚਲੇ ਗਏ ਸਨ। ਮੈਚ ਤੋਂ ਬਾਅਦ ਜਦੋਂ ਸਾਊਥੀ ਦੇ ਅੰਗੂਠੇ ਦਾ ਸਕੈਨ ਕੀਤਾ ਗਿਆ ਤਾਂ ਪਤਾ ਲੱਗਾ ਕਿ ਉਸ ‘ਚ ਫਰੈਕਚਰ ਸੀ। ਹੁਣ ਸਾਊਥੀ ਨੂੰ ਠੀਕ ਹੋਣ ਲਈ ਸਰਜਰੀ ਕਰਵਾਉਣੀ ਪਵੇਗੀ।
ਟਿਮ ਸਾਊਥੀ ਦੀ ਸਰਜਰੀ ਬਾਰੇ ਜਾਣਕਾਰੀ ਦਿੰਦੇ ਹੋਏ ਨਿਊਜ਼ੀਲੈਂਡ ਟੀਮ ਦੇ ਕੋਚ ਗੈਰੀ ਸਟੀਡ ਨੇ ਕਿਹਾ ਕਿ ਅਸੀਂ ਸਾਰੇ ਉਮੀਦ ਕਰ ਰਹੇ ਹਾਂ ਕਿ ਸਾਊਥੀ ਦੀ ਸਰਜਰੀ ਠੀਕ ਰਹੇ। ਸਾਊਥੀ ਦੇ ਸੱਜੇ ਅੰਗੂਠੇ ਵਿੱਚ ਕੁਝ ਪਿੰਨ ਅਤੇ ਪੇਚ ਲਗਾਏ ਜਾਣਗੇ। ਅਜਿਹੇ ‘ਚ ਦੇਖਣਾ ਇਹ ਹੋਵੇਗਾ ਕਿ ਉਹ ਇਸ ਦਰਦ ਨੂੰ ਸਹਿਣ ਦੇ ਸਮਰੱਥ ਹੈ ਜਾਂ ਨਹੀਂ। ਕਿਉਂਕਿ ਜੇਕਰ ਉਹ ਮੁੜ ਪਰਤਦਾ ਹੈ ਤਾਂ ਉਸ ਨੂੰ ਕਿਸੇ ਤਰ੍ਹਾਂ ਦੀ ਦਿੱਕਤ ਨਹੀਂ ਆਉਣੀ ਚਾਹੀਦੀ। ਵਿਸ਼ਵ ਕੱਪ ‘ਚ ਸਾਡਾ ਪਹਿਲਾ ਮੈਚ 5 ਅਕਤੂਬਰ ਨੂੰ ਇੰਗਲੈਂਡ ਨਾਲ ਹੈ ਅਤੇ ਸਾਨੂੰ ਉਮੀਦ ਹੈ ਕਿ ਉਹ ਉਦੋਂ ਤੱਕ ਪੂਰੀ ਤਰ੍ਹਾਂ ਫਿੱਟ ਹੋ ਜਾਵੇਗਾ। ਵਿਸ਼ਵ ਕੱਪ ‘ਚ ਹਿੱਸਾ ਲੈਣ ਤੋਂ ਪਹਿਲਾਂ ਨਿਊਜ਼ੀਲੈਂਡ ਦੀ ਟੀਮ ਇਸ ਸਮੇਂ ਬੰਗਲਾਦੇਸ਼ ਦੇ ਦੌਰੇ ‘ਤੇ ਹੈ ਜਿੱਥੇ ਉਹ ਮੇਜ਼ਬਾਨ ਟੀਮ ਖਿਲਾਫ 21 ਸਤੰਬਰ ਤੋਂ 3 ਮੈਚਾਂ ਦੀ ਵਨਡੇ ਸੀਰੀਜ਼ ਖੇਡੇਗੀ।