ਕੈਂਟਰਬਰੀ ‘ਚ ਇੱਕ ਸੜਕ ਹਾਦਸੇ ਦੌਰਾਨ ਇੱਕ ਕਿਸ਼ੋਰ ਕੁੜੀ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇੱਕ ਬਿਆਨ ਵਿੱਚ, ਕੈਂਟਰਬਰੀ ਰੂਰਲ ਏਰੀਆ ਕਮਾਂਡਰ ਇੰਸਪੈਕਟਰ ਪੀਟਰ ਕੂਪਰ ਨੇ ਕਿਹਾ ਕਿ ਪੁਲਿਸ ਨੂੰ ਐਤਵਾਰ ਸਵੇਰੇ 4.45 ਵਜੇ ਦੇ ਕਰੀਬ ਵਾਈਮਾਕਰੀਰੀ ਦੇ ਫਰਨਸਾਈਡ ਖੇਤਰ ਵਿੱਚ ਗੈਰ ਕਾਨੂੰਨੀ ਸਟ੍ਰੀਟ ਰੇਸਿੰਗ ਦੀ ਰਿਪੋਰਟ ਲਈ ਬੁਲਾਇਆ ਗਿਆ ਸੀ। ਕੂਪਰ ਨੇ ਕਿਹਾ ਕਿ ਪੁਲਿਸ ਨੇ ਕੁੱਝ ਸਮੇਂ ਲਈ ਇੱਕ “ਅਪਰਾਧਕ” ਵਾਹਨ ਦਾ ਪਿੱਛਾ ਕੀਤਾ ਪਰ ਸ਼ਹਿਰੀ ਖੇਤਰ ਵਿੱਚ ਵਾਹਨ ਨੂੰ ਗਲਤ ਤਰੀਕੇ ਚਲਾਉਣ ਦੇ ਕਾਰਨ ਉਨ੍ਹਾਂ ਪਿੱਛਾ ਛੱਡ ਦਿੱਤਾ। ਕੁੱਝ ਸਮੇਂ ਬਾਅਦ ਫਿਰ ਉਹੀ ਵਾਹਨ ਰੰਗੀਓਰਾ ਦੇ ਮੈਕਇਵਰ ਪਲੇਸ ਦੇ ਇੱਕ ਘਰ ਦੇ ਇੱਕ ਦਰੱਖਤ ਨਾਲ ਟਕਰਾ ਗਿਆ।
ਹਾਦਸੇ ਦੇ ਸਮੇਂ ਗੱਡੀ ਵਿੱਚ ਸਵਾਰ ਚਾਰ ਵਿਅਕਤੀਆਂ ਵਿੱਚੋਂ ਇੱਕ 18 ਸਾਲਾ ਕੁੜੀ ਦੀ ਮੌਕੇ ’ਤੇ ਹੀ ਮੌਤ ਹੋ ਗਈ। ਕੂਪਰ ਨੇ ਕਿਹਾ ਕਿ ਘਰ ਵਿੱਚ ਮੌਜੂਦ ਕਿਸੇ ਨੂੰ ਵੀ ਸੱਟ ਨਹੀਂ ਲੱਗੀ। ਉਨ੍ਹਾਂ ਕਿਹਾ ਕਿ ਪੁਲਿਸ ਮ੍ਰਿਤਕ ਦੇ ਪਰਿਵਾਰ ਨਾਲ ਸੰਪਰਕ ਕਰ ਰਹੀ ਹੈ। ਇਸ ਦੌਰਾਨ ਇੱਕ 18 ਸਾਲਾ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਪੁਲਿਸ ਉਸ ਤੋਂ ਪੁੱਛਗਿੱਛ ਕਰ ਰਹੀ ਹੈ। ਇਸ ਹਾਦਸੇ ਕਾਰਨ ਦੋ ਹੋਰ ਲੋਕ ਜ਼ਖਮੀ ਹਨ ਅਤੇ ਪੁਲਿਸ ਉਨ੍ਹਾਂ ਨਾਲ ਵੀ ਗੱਲਬਾਤ ਕਰ ਰਹੀ ਹੈ।” ਕੂਪਰ ਨੇ ਕਿਹਾ ਕਿ ਹੁਣ ਕਈ ਜਾਂਚਾਂ ਚੱਲ ਰਹੀਆਂ ਹਨ ਅਤੇ ਨਾਲ ਹੀ ਗੰਭੀਰ ਕਰੈਸ਼ ਯੂਨਿਟ ਦੁਆਰਾ ਪੁੱਛਗਿੱਛ ਕੀਤੀ ਜਾ ਰਹੀ ਹੈ। ਘਟਨਾ ਦੀ ਸੂਚਨਾ ਸੁਤੰਤਰ ਪੁਲਿਸ ਕੰਡਕਟ ਅਥਾਰਟੀ ਨੂੰ ਵੀ ਦਿੱਤੀ ਗਈ ਹੈ।