ਆਈਸੀਸੀ ਨੇ ਏਸ਼ੀਆ ਕੱਪ 2023 ਦੌਰਾਨ ਵਨਡੇ ਰੈਂਕਿੰਗ ਜਾਰੀ ਕਰ ਦਿੱਤੀ ਹੈ। ਟੀਮ ਇੰਡੀਆ ਦੇ ਬੱਲੇਬਾਜ਼ ਸ਼ੁਭਮਨ ਗਿੱਲ ਆਈਸੀਸੀ ਪੁਰਸ਼ਾਂ ਦੀ ਇੱਕ ਰੋਜ਼ਾ ਬੱਲੇਬਾਜ਼ੀ ਰੈਂਕਿੰਗ ਵਿੱਚ ਕਰੀਅਰ ਦੇ ਸਭ ਤੋਂ ਉੱਚੇ ਦੂਜੇ ਸਥਾਨ ’ਤੇ ਪਹੁੰਚ ਗਏ ਹਨ। ਗਿੱਲ ਤੋਂ ਇਲਾਵਾ ਰੋਹਿਤ ਅਤੇ ਕੋਹਲੀ ਵੀ ਟਾਪ-10 ਵਿੱਚ ਸ਼ਾਮਿਲ ਹੋ ਗਏ ਹਨ।
ਸ਼ੁਭਮਨ ਗਿੱਲ ਦੀ ਰੈਂਕਿੰਗ ਵਿੱਚ ਵਾਧੇ ਦਾ ਕਾਰਨ ਕਪਤਾਨ ਰੋਹਿਤ ਸ਼ਰਮਾ ਨਾਲ ਉਸ ਦੀ 121 ਦੌੜਾਂ ਦੀ ਓਪਨਿੰਗ ਸਾਂਝੇਦਾਰੀ ਹੈ, ਜਿਸ ਵਿੱਚ ਗਿੱਲ ਨੇ 58 ਦੌੜਾਂ ਬਣਾਈਆਂ ਸਨ। ਇਸ ਦੌਰਾਨ ਰੋਹਿਤ ਅਤੇ ਵਿਰਾਟ ਕੋਹਲੀ ਨੇ ਦੋ-ਦੋ ਰੈਂਕ ਹਾਸਿਲ ਕੀਤੇ। ਹੁਣ ਇਹ ਦੋਵੇਂ ਖਿਡਾਰੀ ਕ੍ਰਮਵਾਰ ਅੱਠਵੇਂ ਅਤੇ ਨੌਵੇਂ ਸਥਾਨ ‘ਤੇ ਆ ਗਏ ਹਨ। ਸ਼੍ਰੀਲੰਕਾ ਖਿਲਾਫ ਰੋਹਿਤ ਦੇ ਅਰਧ ਸੈਂਕੜੇ ਅਤੇ ਪਾਕਿਸਤਾਨ ਖਿਲਾਫ ਕੋਹਲੀ ਦੀ 122 ਦੌੜਾਂ ਦੀ ਪਾਰੀ ਕਾਰਨ ਰੈਂਕਿੰਗ ‘ਚ ਵਾਧਾ ਹੋਇਆ ਹੈ।
ਆਈਸੀਸੀ ਪੁਰਸ਼ ਕ੍ਰਿਕਟ ਵਿਸ਼ਵ ਕੱਪ ਤੋਂ ਠੀਕ ਪਹਿਲਾਂ ਪਾਕਿਸਤਾਨ ਦੇ ਵੀ ਤਿੰਨ ਕ੍ਰਿਕਟਰ ਟਾਪ-10 ਵਿੱਚ ਸ਼ਾਮਿਲ ਹਨ। ਕਪਤਾਨ ਬਾਬਰ ਆਜ਼ਮ ਪਹਿਲੇ ਨੰਬਰ ‘ਤੇ ਹਨ। ਜੋ ਗਿੱਲ ਤੋਂ 100 ਤੋਂ ਵੱਧ ਰੇਟਿੰਗ ‘ਤੇ ਉਪਰ ਬੈਠੇ ਹਨ। ਇਮਾਮ-ਉਲ-ਹੱਕ ਅਤੇ ਫਖਰ ਜ਼ਮਾਨ ਕ੍ਰਮਵਾਰ ਪੰਜਵੇਂ ਅਤੇ 10ਵੇਂ ਸਥਾਨ ‘ਤੇ ਹਨ। ਟੀਮ ਇੰਡੀਆ ਦੇ ਖਿਡਾਰੀ ਅਤੇ ਲੈਫਟ ਆਰਮ ਸਪਿਨਰ ਕੁਲਦੀਪ ਯਾਦਵ ਏਸ਼ੀਆ ਕੱਪ ਦੇ ਦੋ ਮੈਚਾਂ ‘ਚ 9 ਵਿਕਟਾਂ ਲੈ ਕੇ 7ਵੇਂ ਸਥਾਨ ‘ਤੇ ਆ ਗਏ ਹਨ। ਤੇਜ਼ ਗੇਂਦਬਾਜ਼ ਹੈਰਿਸ ਰਾਊਫ ਅੱਠ ਸਥਾਨ ਉੱਪਰ ਆ ਗਿਆ ਹੈ। ਇਨ੍ਹਾਂ ਤੋਂ ਇਲਾਵਾ ਦੱਖਣੀ ਅਫਰੀਕਾ ਦੇ ਸਪਿਨਰਾਂ ਕੇਸ਼ਵ ਮਹਾਰਾਜ ਅਤੇ ਤਬਰੇਜ਼ ਸ਼ਮਸੀ ਦੀ ਰੈਂਕਿੰਗ ‘ਚ ਕਾਫੀ ਸੁਧਾਰ ਹੋਇਆ ਹੈ।