ਉੜੀਸਾ ਦੀ ਆਰਥਿਕ ਅਪਰਾਧ ਸ਼ਾਖਾ 1000 ਕਰੋੜ ਰੁਪਏ ਦੇ ਪੋਂਜੀ ਘੁਟਾਲੇ ਦੇ ਮਾਮਲੇ ਵਿੱਚ ਫਿਲਮ ਅਦਾਕਾਰ ਗੋਵਿੰਦਾ ਤੋਂ ਪੁੱਛਗਿੱਛ ਕਰਨ ਜਾ ਰਹੀ ਹੈ। ਹਾਲਾਂਕਿ ਗੋਵਿੰਦਾ ਇਸ ਮਾਮਲੇ ‘ਚ ਨਾ ਤਾਂ ਦੋਸ਼ੀ ਹੈ ਅਤੇ ਨਾ ਹੀ ਸ਼ੱਕੀ ਹਨ। ਈਓਡਬਲਯੂ ਦੇ ਅਧਿਕਾਰੀ ਜਲਦੀ ਹੀ ਪੁੱਛਗਿੱਛ ਲਈ ਮੁੰਬਈ ਜਾਣਗੇ। ਰਿਪੋਰਟ ਦੇ ਅਨੁਸਾਰ, ਸੋਲਰ ਟੈਕਨੋ ਅਲਾਇੰਸ (STA-Token) ਨੇ ਕਥਿਤ ਤੌਰ ‘ਤੇ ਇੱਕ ਕ੍ਰਿਪਟੋ ਨਿਵੇਸ਼ ਉੱਦਮ ਦੁਆਰਾ ਇੱਕ ਗੈਰ-ਕਾਨੂੰਨੀ ਪੋਂਜ਼ੀ ਸਕੀਮ ਚਲਾਈ ਸੀ। ਇਸ ਕੰਪਨੀ ਦੀ ਦੁਨੀਆ ਦੇ ਕਈ ਦੇਸ਼ਾਂ ਵਿੱਚ ਆਨਲਾਈਨ ਮੌਜੂਦਗੀ ਹੈ। ਦੋਸ਼ ਹੈ ਕਿ ਇਸ ਸਕੀਮ ਰਾਹੀਂ ਕੰਪਨੀ ਨੇ ਭਾਰਤ ਦੇ ਕਈ ਸ਼ਹਿਰਾਂ ਵਿੱਚ 1000 ਕਰੋੜ ਰੁਪਏ ਦਾ ਘਪਲਾ ਕੀਤਾ।
ਇਸ ਔਨਲਾਈਨ ਪੋਂਜ਼ੀ ਸਕੀਮ ਦੇ ਜ਼ਰੀਏ, ਕੰਪਨੀ ਨੇ 2 ਲੱਖ ਤੋਂ ਵੱਧ ਲੋਕਾਂ ਤੋਂ ਅਣਅਧਿਕਾਰਤ ਤਰੀਕੇ ਨਾਲ ਲਗਭਗ 1000 ਕਰੋੜ ਰੁਪਏ ਜਮ੍ਹਾ ਕਰਵਾਏ ਸੀ। ਰਿਪੋਰਟ ਮੁਤਾਬਿਕ ਗੋਵਿੰਦਾ ਨੇ ਇਸ ਕੰਪਨੀ ਨੂੰ ਪ੍ਰਮੋਟ ਕੀਤਾ ਸੀ। ਗੋਵਿੰਦਾ ਨੇ ਕੰਪਨੀ ਲਈ ਪ੍ਰਮੋਸ਼ਨਲ ਵੀਡੀਓ ਵੀ ਬਣਾਏ ਸਨ। ਇਸ ਸਬੰਧੀ ਆਰਥਿਕ ਅਪਰਾਧ ਸ਼ਾਖਾ ਦੇ ਅਧਿਕਾਰੀ ਗੋਵਿੰਦਾ ਤੋਂ ਹੋਰ ਜਾਣਕਾਰੀ ਹਾਸਿਲ ਕਰਨ ਲਈ ਸਵਾਲਾਂ ਦੇ ਜਵਾਬ ਲੈਣ ਜਾ ਰਹੇ ਹਨ।
TOI ਦੀ ਰਿਪੋਰਟ ਦੇ ਅਨੁਸਾਰ, EOW ਦੇ ਇੰਸਪੈਕਟਰ ਜਨਰਲ ਜੇਐਨ ਪੰਕਜ ਨੇ ਕਿਹਾ ਹੈ ਕਿ ਉਹ ਛੇਤੀ ਹੀ ਇੱਕ ਟੀਮ ਮੁੰਬਈ ਭੇਜਣਗੇ ਜੋ ਗੋਵਿੰਦਾ ਤੋਂ ਇਸ ਮਾਮਲੇ ਵਿੱਚ ਪੁੱਛਗਿੱਛ ਕਰੇਗੀ। ਉਨ੍ਹਾਂ ਨੇ ਦੱਸਿਆ ਕਿ ਗੋਵਿੰਦਾ ਨੇ ਜੁਲਾਈ ‘ਚ ਗੋਆ ‘ਚ ਆਯੋਜਿਤ ਐੱਸ.ਟੀ.ਏ ਦੇ ਗ੍ਰੈਂਡ ਫੰਕਸ਼ਨ ‘ਚ ਹਿੱਸਾ ਲਿਆ ਸੀ ਅਤੇ ਕੁਝ ਵੀਡੀਓਜ਼ ‘ਚ ਕੰਪਨੀ ਦਾ ਪ੍ਰਚਾਰ ਕੀਤਾ ਸੀ।
ਇੰਸਪੈਕਟਰ ਜਨਰਲ ਮੁਤਾਬਿਕ ਫਿਲਹਾਲ ਗੋਵਿੰਦਾ ਇਸ ਮਾਮਲੇ ‘ਚ ਨਾ ਤਾਂ ਦੋਸ਼ੀ ਹੈ ਅਤੇ ਨਾ ਹੀ ਉਨ੍ਹਾਂ ‘ਤੇ ਸ਼ੱਕ ਕੀਤਾ ਜਾ ਰਿਹਾ ਹੈ। ਹਾਲਾਂਕਿ ਉਨ੍ਹਾਂ ਨੇ ਇਹ ਜ਼ਰੂਰ ਕਿਹਾ ਹੈ ਕਿ ਮਾਮਲੇ ‘ਚ ਉਨ੍ਹਾਂ ਦੀ ਭੂਮਿਕਾ ਉਦੋਂ ਹੀ ਸਪੱਸ਼ਟ ਹੋਵੇਗੀ ਜਦੋਂ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਜਾਵੇਗੀ। ਜੇਕਰ ਗੋਵਿੰਦਾ ਇਸ ਮਾਮਲੇ ‘ਚ ਸਿਰਫ ਪ੍ਰਚਾਰ ਤੱਕ ਹੀ ਸੀਮਤ ਰਹੇ ਤਾਂ ਉਨ੍ਹਾਂ ਨੂੰ ਗਵਾਹ ਬਣਾਇਆ ਜਾ ਸਕਦਾ ਹੈ।
ਇਸ ਧੋਖੇਬਾਜ਼ ਕੰਪਨੀ ਨੇ ਭਦਰਕ, ਕੇਓਂਝਾਰ, ਬਾਲਾਸੋਰ, ਮਯੂਰਭੰਜ ਅਤੇ ਭੁਵਨੇਸ਼ਵਰ ਦੇ ਕਰੀਬ 10 ਹਜ਼ਾਰ ਲੋਕਾਂ ਤੋਂ 30 ਕਰੋੜ ਰੁਪਏ ਇਕੱਠੇ ਕੀਤੇ ਸਨ। ਇਸ ਤੋਂ ਇਲਾਵਾ ਬਿਹਾਰ, ਉੱਤਰ ਪ੍ਰਦੇਸ਼, ਪੰਜਾਬ, ਦਿੱਲੀ, ਹਰਿਆਣਾ, ਰਾਜਸਥਾਨ, ਅਸਾਮ, ਮੱਧ ਪ੍ਰਦੇਸ਼ ਅਤੇ ਝਾਰਖੰਡ ਵਰਗੇ ਰਾਜਾਂ ਵਿੱਚ ਵੀ ਲੋਕਾਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਕੰਪਨੀ ਲੋਕਾਂ ਨੂੰ ਨਿਵੇਸ਼ ਕਰਨ ਲਈ ਕਹਿੰਦੀ ਸੀ ਅਤੇ ਨਿਵੇਸ਼ਕਾਂ ਨੂੰ ਆਪਣੇ ਨਾਲ ਹੋਰ ਲੋਕਾਂ ਨੂੰ ਜੋੜਨ ਲਈ ਵੀ ਕਹਿੰਦੀ ਸੀ। ਕੰਪਨੀ ਨੇ ਇਹ ਵੀ ਵਾਅਦਾ ਕੀਤਾ ਕਿ ਜੇਕਰ ਲੋਕ ਸ਼ਾਮਿਲ ਹੁੰਦੇ ਹਨ ਤਾਂ incentive ਵੀ ਮਿਲੇਗਾ।