ਦੱਖਣੀ ਕਸ਼ਮੀਰ ਦੇ ਅਨੰਤਨਾਗ ਜ਼ਿਲੇ ‘ਚ ਬੁੱਧਵਾਰ ਨੂੰ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਮੁਕਾਬਲਾ (ਐਨਕਾਊਂਟਰ) ਹੋਇਆ ਹੈ। ਜ਼ਿਲੇ ਦੇ ਕੋਕਰਨਾਗ ਹਲੂਰਾ ਗੰਡੁਲ ਇਲਾਕੇ ‘ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਗੋਲੀਬਾਰੀ ਹੋਈ ਹੈ। ਐਨਕਾਊਂਟਰ ‘ਚ ਰਾਸ਼ਟਰੀ ਰਾਈਫਲਜ਼ ਦੇ ਕਮਾਂਡਿੰਗ ਕਰਨਲ ਅਤੇ ਜੰਮੂ-ਕਸ਼ਮੀਰ ਪੁਲਿਸ ਦੇ ਡੀਐਸਪੀ ਸਮੇਤ ਤਿੰਨ ਅਧਿਕਾਰੀ ਸ਼ਹੀਦ ਹੋ ਗਏ ਹਨ।
ਅਧਿਕਾਰੀਆਂ ਨੇ ਦੱਸਿਆ ਕਿ ਕਸ਼ਮੀਰ ਦੇ ਅਨੰਤਨਾਗ ਜ਼ਿਲੇ ਦੇ ਕੋਕਰਨਾਗ ਇਲਾਕੇ ‘ਚ ਅੱਤਵਾਦੀਆਂ ਨਾਲ ਹੋਏ ਮੁਕਾਬਲੇ ‘ਚ ਫੌਜ ਦੇ ਕਰਨਲ ਸਮੇਤ ਸੁਰੱਖਿਆ ਬਲ ਦੇ ਤਿੰਨ ਅਧਿਕਾਰੀ ਸ਼ਹੀਦ ਹੋ ਗਏ ਹਨ। ਉਨ੍ਹਾਂ ਦੱਸਿਆ ਕਿ ਕਰਨਲ ਮਨਪ੍ਰੀਤ ਸਿੰਘ, ਮੇਜਰ ਆਸ਼ੀਸ਼, ਜੰਮੂ-ਕਸ਼ਮੀਰ ਪੁਲਿਸ ਦੇ ਡੀਐਸਪੀ ਹੁਮਾਯੂੰ ਭੱਟ ਗੋਲੀਬਾਰੀ ਵਿੱਚ ਗੰਭੀਰ ਜ਼ਖ਼ਮੀ ਹੋ ਗਏ ਸਨ, ਜਿਸ ਤੋਂ ਬਾਅਦ ਤਿੰਨੋਂ ਸ਼ਹੀਦ ਹੋ ਗਏ। ਉਨ੍ਹਾਂ ਦੱਸਿਆ ਕਿ ਭੱਟ ਦੀ ਮੌਤ ਜ਼ਿਆਦਾ ਖੂਨ ਵਹਿਣ ਕਾਰਨ ਹੋਈ ਹੈ।
ਅਧਿਕਾਰੀ ਨੇ ਦੱਸਿਆ ਕਿ ਅਨੰਤਨਾਗ ਦੇ ਕੋਕਰਨਾਗ ਦੇ ਹਲੂਰਾ ਗੰਡੁਲ ਇਲਾਕੇ ‘ਚ ਪੁਲਿਸ ਅਤੇ ਫੌਜ ਦੀ ਸਾਂਝੀ ਟੀਮ ਨੇ ਘੇਰਾਬੰਦੀ ਅਤੇ ਤਲਾਸ਼ੀ ਮੁਹਿੰਮ ਚਲਾਈ ਸੀ। ਜਿਵੇਂ ਹੀ ਸੰਯੁਕਤ ਟੀਮ ਸ਼ੱਕੀ ਸਥਾਨ ਵੱਲ ਵਧੀ, ਉੱਥੇ ਪਹਿਲਾਂ ਤੋਂ ਲੁਕੇ ਹੋਏ ਅੱਤਵਾਦੀਆਂ ਨੇ ਬਲਾਂ ‘ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ, ਜਿਸ ਨਾਲ ਮੁਕਾਬਲਾ ਸ਼ੁਰੂ ਹੋ ਗਿਆ।