ਅਸਮਾਨ ‘ਚ ਉੱਡ ਰਹੇ ਜਹਾਜ਼ ‘ਚ ਉਸ ਸਮੇਂ ਹਲਚਲ ਮਚ ਗਈ ਜਦੋਂ ਜਹਾਜ਼ ਦੇ ਕੈਬਿਨ ‘ਚ ਧੂੰਆਂ ਭਰਨ ਕਾਰਨ ਕਈ ਯਾਤਰੀਆਂ ਦੀ ਸਿਹਤ ਵਿਗੜ ਗਈ। ਹਾਲਾਤ ਇੰਨੇ ਖਰਾਬ ਹੋ ਗਏ ਕਿ ਫਲਾਈਟ ਨੂੰ ਐਮਰਜੈਂਸੀ ਲੈਂਡਿੰਗ ਕਰਨੀ ਪਈ। ਚਾਂਗੀ ਹਵਾਈ ਅੱਡੇ ਦੇ ਅਧਿਕਾਰੀਆਂ ਨੇ ਇਸ ਹਾਦਸੇ ਦੀ ਜਾਣਕਾਰੀ ਫੇਸਬੁੱਕ ‘ਤੇ ਸਾਂਝੀ ਕੀਤੀ ਹੈ। ਇਹ ਮਾਮਲਾ ਚੀਨ ਦੀ ਇੱਕ ਫਲਾਈਟ ‘ਚ ਸਾਹਮਣੇ ਆਇਆ ਹੈ।
ਚਾਂਗੀ ਹਵਾਈ ਅੱਡੇ ਦੇ ਅਧਿਕਾਰੀਆਂ ਮੁਤਾਬਕ ਚੀਨੀ ਏਅਰਲਾਈਨ ‘ਏਅਰ ਚਾਈਨਾ’ ਦੇ ਇੱਕ ਜਹਾਜ਼ ਦੇ ਇੰਜਣ ਵਿੱਚ ਅੱਗ ਲੱਗਣ ਤੋਂ ਬਾਅਦ ਹਫੜਾ-ਦਫੜੀ ਮਚ ਗਈ। ਜਿਸ ਕਾਰਨ ਨੌਂ ਯਾਤਰੀਆਂ ਦੀ ਸਿਹਤ ਵੀ ਵਿਗੜ ਗਈ। ਰਿਪੋਰਟ ਮੁਤਾਬਿਕ ਏਅਰ ਚਾਈਨਾ ਏਅਰਬੱਸ-ਏ320 ਜਹਾਜ਼ ਵਿੱਚ ਕੁੱਲ 146 ਯਾਤਰੀ ਅਤੇ ਅਮਲੇ ਦੇ ਨੌਂ ਮੈਂਬਰ ਸਵਾਰ ਸਨ।
ਹਵਾਈ ਅੱਡੇ ਦੇ ਅਧਿਕਾਰੀਆਂ ਮੁਤਾਬਿਕ ਇਹ ਘਟਨਾ ਐਤਵਾਰ ਸ਼ਾਮ ਕਰੀਬ 4.15 ਵਜੇ ਵਾਪਰੀ, ਜਦੋਂ ਚੀਨ ਦੇ ਸਿਚੁਆਨ ਸੂਬੇ ਦੇ ਚੇਂਗਦੂ ਸ਼ਹਿਰ ਤੋਂ ਆ ਰਹੇ ਜਹਾਜ਼ ‘ਚ ਗੜਬੜ ਹੋ ਗਈ। ਜਿਸ ਤੋਂ ਬਾਅਦ ਫਲਾਈਟ ਨੇ ਚਾਂਗੀ ਏਅਰਪੋਰਟ ‘ਤੇ ਐਮਰਜੈਂਸੀ ਲੈਂਡਿੰਗ ਕਰਵਾਈ। ਜਹਾਜ਼ ‘ਚ ਸਵਾਰ ਨੌਂ ਯਾਤਰੀਆਂ ਨੂੰ ਕੈਬਿਨ ‘ਚ ਧੂੰਆਂ ਭਰਨ ਕਾਰਨ ਸਾਹ ਲੈਣ ‘ਚ ਦਿੱਕਤ ਆਈ ਅਤੇ ਜਹਾਜ਼ ਨੂੰ ਕੱਢਣ ਦੌਰਾਨ ਮਾਮੂਲੀ ਝਰੀਟਾਂ ਆ ਗਈਆਂ।