ਆਸਟ੍ਰੇਲੀਆ ਦੇ ਵਿਕਟੋਰੀਆ ਤੋਂ ਸੰਸਦ ਮੈਂਬਰ ਬ੍ਰੈਡ ਬੈਟਿਨ ਵੀਰਵਾਰ ਨੂੰ ਅੰਮ੍ਰਿਤਸਰ ਪਹੁੰਚੇ ਸਨ। ਅੰਮ੍ਰਿਤਸਰ ਆਉਂਦਿਆਂ ਹੀ ਉਹ ਸਭ ਤੋਂ ਪਹਿਲਾਂ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਗਏ। ਆਸਟ੍ਰੇਲੀਅਨ ਅਧਿਕਾਰੀਆਂ ਨਾਲ ਪਹੁੰਚੇ ਐਮਪੀ ਬਰੈਡ ਨੇ ਪੰਜਾਬੀਆਂ ਦੇ ਸਨਮਾਨ ਵਿੱਚ ਕੁੱਝ ਅਜਿਹੀਆਂ ਗੱਲਾਂ ਕਹੀਆਂ, ਜਿਨ੍ਹਾਂ ਨੂੰ ਸੁਣ ਕੇ ਪੰਜਾਬੀਆਂ ਦਾ ਸਿਰ ਮਾਣ ਨਾਲ ਉੱਚਾ ਹੋ ਗਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਭਾਰਤ ਨਾਲ ਸਬੰਧਾਂ ਨੂੰ ਮਜ਼ਬੂਤ ਕਰਨ ਦੀ ਗੱਲ ਵੀ ਕਹੀ।
ਪੰਜਾਬੀਆਂ ਦੇ ਸਨਮਾਨ ਵਿੱਚ ਬੋਲਦਿਆਂ ਐਮਪੀ ਬਰੈਡ ਨੇ ਕਿਹਾ- ਆਸਟ੍ਰੇਲੀਆ ਵਿੱਚ ਜਦੋਂ ਵੀ ਕੋਈ ਕੁਦਰਤੀ ਆਫ਼ਤ ਜਾਂ ਕੋਈ ਮੁਸ਼ਕਿਲ ਆਈ ਹੈ ਤਾਂ ਸਿੱਖ ਭਾਈਚਾਰਾ ਮਦਦ ਲਈ ਹਮੇਸ਼ਾ ਸਭ ਤੋਂ ਅੱਗੇ ਰਿਹਾ ਹੈ। ਆਸਟ੍ਰੇਲੀਆ ਵਿਚ ਪੰਜਾਬੀਆਂ ਨੇ ਆਪਣੀ ਵੱਖਰੀ ਪਛਾਣ ਬਣਾਈ ਹੈ। ਐਮਪੀ ਬਰੈਡ ਨੇ ਕਿਹਾ ਕਿ ਭਾਰਤ ਅਤੇ ਆਸਟਰੇਲੀਆ ਦੇ ਸਬੰਧਾਂ ਵਿੱਚ ਸੁਧਾਰ ਹੋ ਰਿਹਾ ਹੈ। ਸਿੱਖਿਆ ਤੋਂ ਇਲਾਵਾ ਆਸਟ੍ਰੇਲੀਆ ਉਦਯੋਗ, ਭੋਜਨ ਅਤੇ ਖੇਤੀਬਾੜੀ ਵਿੱਚ ਸਬੰਧਾਂ ਨੂੰ ਮਜ਼ਬੂਤ ਕਰਨਾ ਚਾਹੁੰਦਾ ਹੈ। ਇਸ ਦੇ ਨਾਲ ਹੀ ਬਰੈਡ ਪੰਜਾਬ ਦੀ ਪ੍ਰਾਹੁਣਚਾਰੀ ਦਾ ਵੀ ਕਾਇਲ ਸੀ।
ਬ੍ਰੈਡ ਨੇ ਦੱਸਿਆ ਕਿ ਉਹ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਆਏ ਹਨ। ਭਾਰਤ ਤੋਂ ਇਲਾਵਾ ਆਸਟ੍ਰੇਲੀਆ ਦੇ ਲੋਕ ਵੀ ਸ੍ਰੀ ਹਰਿਮੰਦਰ ਸਾਹਿਬ ਦਾ ਸਤਿਕਾਰ ਕਰਦੇ ਹਨ। ਉਹ ਦਰਸ਼ਨਾਂ ਲਈ ਦੁਬਾਰਾ ਵੀ ਆਉਣਾ ਚਾਹੁੰਦੇ ਹਨ। ਬ੍ਰੈਡ ਨੇ ਦੱਸਿਆ ਕਿ ਉਹ ਗੁਜਰਾਤ ਅਤੇ ਦਿੱਲੀ ਯੂਨੀਵਰਸਿਟੀ ਦੇ ਦੌਰੇ ‘ਤੇ ਹਨ। ਤਾਂ ਜੋ ਇੱਥੋਂ ਦੇ ਸੱਭਿਆਚਾਰ ਨੂੰ ਜਾਣਿਆ ਜਾ ਸਕੇ। ਇਸ ਤੋਂ ਇਲਾਵਾ ਉਹ ਕਿਸਾਨਾਂ ਨਾਲ ਵੀ ਮੁਲਾਕਾਤ ਕਰਨਗੇ, ਤਾਂ ਜੋ ਆਉਣ ਵਾਲੇ ਸਮੇਂ ਵਿੱਚ ਖੇਤੀਬਾੜੀ ਦੇ ਖੇਤਰ ਵਿੱਚ ਆਸਟ੍ਰੇਲੀਆ-ਭਾਰਤ ਸਬੰਧਾਂ ਵਿੱਚ ਸੁਧਾਰ ਹੋ ਸਕੇ।