ਭਾਰਤ ਦੇ ਮਹਾਨ ਕ੍ਰਿਕਟਰ ਅਤੇ ਸਾਬਕਾ ਕਪਤਾਨ ਸੌਰਵ ਗਾਂਗੁਲੀ ਦੀ ਬਾਇਓਪਿਕ ਫਿਲਮ ਨੂੰ ਲੈ ਕੇ ਕਾਫੀ ਚਰਚਾ ਚੱਲ ਰਹੀ ਹੈ। ਅਹਿਮ ਗੱਲ ਹੈ ਕਿ ਡਰੀਮ ਗਰਲ 2 ਦੀ ਸਫਲਤਾ ਤੋਂ ਬਾਅਦ ਹੁਣ ਆਯੁਸ਼ਮਾਨ ਖੁਰਾਨਾ ਭਾਰਤੀ ਕ੍ਰਿਕਟਰ ਸੌਰਵ ਗਾਂਗੁਲੀ ਦੀ ਬਾਇਓਪਿਕ ਵਿੱਚ ਨਜ਼ਰ ਆ ਸਕਦੇ ਹਨ। ਚਰਚਾ ਹੈ ਕਿ ਇਸ ਫਿਲਮ ਲਈ ਆਯੁਸ਼ਮਾਨ ਨੂੰ ਸਾਈਨ ਕੀਤਾ ਜਾ ਸਕਦਾ ਹੈ। ਇਸ ਤੋਂ ਪਹਿਲਾਂ ਸੌਰਵ ਗਾਂਗੁਲੀ ਦੇ ਰੋਲ ਲਈ ਰਣਬੀਰ ਕਪੂਰ ਦੇ ਨਾਂ ਦੀ ਚਰਚਾ ਹੋ ਰਹੀ ਸੀ। ਪਰ ਹੁਣ ਆਯੁਸ਼ਮਾਨ ਦਾ ਨਾਂ ਸੁਰਖੀਆਂ ‘ਚ ਹੈ। ਹਾਲ ਹੀ ‘ਚ ਇਕ ਇੰਟਰਵਿਊ ‘ਚ ਆਯੁਸ਼ਮਾਨ ਤੋਂ ਇਸ ਬਾਰੇ ਪੁੱਛਿਆ ਗਿਆ ਸੀ। ਜਦੋਂ ਉਨ੍ਹਾਂ ਨੂੰ ਸੌਰਵ ਗਾਂਗੁਲੀ ਦੀ ਬਾਇਓਪਿਕ ਬਾਰੇ ਪੁੱਛਿਆ ਗਿਆ ਤਾਂ ਆਯੁਸ਼ਮਾਨ ਨੇ ਕਿਹਾ, “ਮੈਂ ਫਿਲਹਾਲ ਕੁਝ ਨਹੀਂ ਕਹਿ ਰਿਹਾ। ਜਦੋਂ ਵੀ ਕੁੱਝ ਹੋਵੇਗਾ ਅਸੀਂ ਅਧਿਕਾਰਤ ਘੋਸ਼ਣਾ ਕਰਾਂਗੇ। ”
ਸੌਰਵ ਗਾਂਗੁਲੀ ਭਾਰਤ ਦੇ ਸਭ ਤੋਂ ਸਫਲ ਟੈਸਟ ਕਪਤਾਨਾਂ ਵਿੱਚੋਂ ਇੱਕ ਹਨ ਜਿਨ੍ਹਾਂ ਨੇ ਆਪਣੀ ਕਪਤਾਨੀ ਵਿੱਚ 49 ਵਿੱਚੋਂ 21 ਮੈਚਾਂ ਵਿੱਚ ਟੀਮ ਨੂੰ ਸਫਲਤਾ ਦਿਵਾਈ ਸੀ। ਇੱਕ ਤੇਜ਼ ਕਪਤਾਨ ਵਜੋਂ ਜਾਣੇ ਜਾਂਦੇ ਗਾਂਗੁਲੀ ਨੇ ਆਪਣੀ ਕਪਤਾਨੀ ਦੌਰਾਨ ਕਈ ਨਵੇਂ ਖਿਡਾਰੀਆਂ ਨੂੰ ਖੇਡਣ ਦਾ ਮੌਕਾ ਦਿੱਤਾ ਸੀ। ਬੰਗਾਲ ਦੀ ਕ੍ਰਿਕਟ ਐਸੋਸੀਏਸ਼ਨ ਨੇ ਜੁਲਾਈ 2014 ਵਿੱਚ ਸੌਰਵ ਗਾਂਗੁਲੀ ਨੂੰ ਖੇਡ ਪ੍ਰਸ਼ਾਸਕ ਨਿਯੁਕਤ ਕੀਤਾ ਸੀ।