ਅਸੀਂ ਭਾਰਤ ‘ਚ ਅਕਸਰ ਦੇਖਦੇ ਹੈ ਜਦੋਂ ਵੀ ਚੋਣਾਂ ਆਉਂਦੀਆਂ ਹਨ ਤਾਂ ਲੀਡਰਾਂ ਦੇ ਵੱਲੋਂ ਲੋਕਾਂ ਨਾਲ ਵੱਡੇ-ਵੱਡੇ ਵਾਅਦੇ ਕੀਤੇ ਜਾਂਦੇ ਹਨ। ਪਰ ਵਾਅਦੇ ਇਕੱਲੇ ਭਾਰਤ ‘ਚ ਹੀ ਨਹੀਂ ਸੱਗੋਂ ਵਿਦੇਸ਼ਾ ‘ਚ ਵੀ ਕੀਤੇ ਜਾਂਦੇ ਹਨ। ਦਰਅਸਲ ਅਸੀਂ ਗੱਲ ਕਰ ਰਹੇ ਹਾਂ ਨਿਊਜ਼ੀਲੈਂਡ ਦੀ ਹੀ। ਕਿਉਂਕ ਇੱਥੇ ਵੀ ਜਿਵੇਂ-ਜਿਵੇਂ ਵੋਟਾਂ ਨੇੜੇ ਆ ਰਹੀਆਂ ਨੇ ਪਾਰਟੀਆਂ ਨੇ ਓਦਾਂ ਓਦਾਂ ਲੋਕਾਂ ਨਾਲ ਵਾਅਦੇ ਕਰਨੇ ਸ਼ੁਰੂ ਕਰ ਦਿੱਤੇ ਹਨ। ਤਾਜ਼ਾ ਵਾਅਦਾ ਨੈਸ਼ਨਲ ਪਾਰਟੀ ਵੱਲੋਂ ਕੀਤਾ ਗਿਆ ਹੈ, ਸੱਤਾ ‘ਚ ਆਉਣ ‘ਤੇ ਨੈਸ਼ਨਲ ਪਾਰਟੀ ਨੇ ਨਿਰਮਾਣ ਸਮੱਗਰੀ ਨੂੰ ਸਸਤਾ ਕਰਨ ਅਤੇ ਵਿਦੇਸ਼ੀ ਨਿਵੇਸ਼ਕਾਂ ਨੂੰ ਨਿਊਜੀਲੈਂਡ ਵਿੱਚ $2 ਮਿਲੀਅਨ ਤੋਂ ਵਧੇਰੇ ਮੁੱਲ ਦੀ ਪ੍ਰਾਪਰਟੀ ਖ੍ਰੀਦਣ ਦੀ ਇਜਾਜਤ ਦੇਣ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਇੱਕ ਸ਼ਰਤ ਵੀ ਰੱਖੀ ਗਈ ਹੈ ਕਿ ਨਿਊਜੀਲੈਂਡ ਸਰਕਾਰ ਨੂੰ 15% ਟੈਕਸ ਦੇਣਾ ਪਏਗਾ।
ਇਸ ਦੇ ਨਾਲ ਹੀ ਪਾਰਟੀ ਦੇ ਬਿਲਡਿੰਗ ਅਤੇ ਕੰਸਟਰੱਕਸ਼ਨ ਦੇ ਬੁਲਾਰੇ ਐਂਡਰਿਊ ਬੇਅਲੀ ਨੇ ਬੀਤੇ ਦਿਨ ਕਿਹਾ ਕਿ ਬਹੁਤ ਜ਼ਿਆਦਾ ਨਿਯਮ, ਵਰਕਰਾਂ ਦੀ ਘਾਟ ਅਤੇ ਵਿਘਨ ਵਾਲੀ ਸਪਲਾਈ ਚੇਨ ਵੱਡੀਆਂ ਉਤਪਾਦਕਤਾ ਚੁਣੌਤੀਆਂ ਦਾ ਕਾਰਣ ਬਣ ਰਹੀਆਂ ਹਨ।ਨੈਸ਼ਨਲ ਨੇ ਅਪ੍ਰੈਂਟਿਸਸ਼ਿਪਾਂ ਅਤੇ ਉਚਿੱਤ ਇਮੀਗ੍ਰੇਸ਼ਨ ਸੈਟਿੰਗਾਂ ਦੇ ਰਾਹੀ ਹੁਨਰਮੰਦ ਉਸਾਰੀ ਕਾਮਿਆਂ ਤੱਕ ਪਹੁੰਚ ਦਾ ਸਮਰਥਨ ਕਰਨ ਦਾ ਵਾਅਦਾ ਕੀਤਾ ਹੈ। ਉੱਥੇ ਹੀ ਕੁੱਝ ਰਿਪੋਰਟਾਂ ਦੇ ਵਿੱਚ ਕਿਹਾ ਗਿਆ ਹੈ ਕਿ ਇਸ ਖਬਰ ਮਗਰੋਂ ਦੁਨੀਆਂ ਭਰ ਦੇ ਨਿਵੇਸ਼ਕਾਂ ਨੇ ਨਿਊਜੀਲੈਂਡ ਦੀਆਂ ਰੀਅਲ ਅਸਟੇਟ ਕੰਪਨੀਆਂ ਨਾਲ ਰਾਬਤਾ ਕਾਇਮ ਕਰਨਾ ਵੀ ਸ਼ੁਰੂ ਕਰ ਦਿੱਤਾ ਗਿਆ ਹੈ।