ਮਨੁੱਖ ਅਤੇ ਪਸ਼ੂ-ਪੰਛੀਆਂ ਦਾ ਪਿਆਰ ਕਿਸੇ ਤੋਂ ਲੁਕਿਆ ਹੋਇਆ ਨਹੀਂ ਹੈ, ਪਰੰਤੂ ਕਈ ਵਾਰੀ ਪਸ਼ੂ ਅਤੇ ਪੰਛੀਆਂ ਨਾਲ ਮੋਹ ਇੰਨਾ ਵੱਧ ਜਾਂਦਾ ਹੈ ਕਿ ਉਦਾਹਰਨਾਂ ਬਣ ਜਾਂਦੀਆਂ ਹਨ। ਅਜਿਹਾ ਹੀ ਇੱਕ ਮਾਮਲਾ ਹੋਰ ਸਾਹਮਣੇ ਆਇਆ ਹੈ ਜਿਸ ਨੂੰ ਸੁਣ ਤੁਸੀ ਵੀ ਹੈਰਾਨ ਰਹਿ ਜਾਓਗੇ, ਦਰਅਸਲ ਲੋਕਲ ਇਨਵੈਸਟੀਗੇਸ਼ਨ ਯੂਨਿਟ (ਐੱਲ.ਆਈ.ਯੂ.) ‘ਚ ਤਾਇਨਾਤ ਇੱਕ ਇੰਸਪੈਕਟਰ ਦਾ ਤੋਤਾ ਘਰੋਂ ਉੱਡ ਗਿਆ ਸੀ ਤੇ ਜਦੋਂ ਹੁਣ ਤੋਤਾ ਵਾਪਸ ਨਾ ਆਇਆ ਤਾਂ ਕਾਫੀ ਇੰਤਜ਼ਾਰ ਤੋਂ ਬਾਅਦ ਇੰਸਪੈਕਟਰ ਨੇ ਤੋਤੇ ਨੂੰ ਲੱਭਣ ਵਾਲੇ ਨੂੰ ਪੰਜ ਹਜ਼ਾਰ ਦਾ ਇਨਾਮ ਦੇਣ ਦਾ ਐਲਾਨ ਕੀਤਾ ਹੈ। ਇੰਸਪੈਕਟਰ ਸ਼ਵੇਤਾ ਯਾਦਵ ਦਾ ਕਹਿਣਾ ਹੈ ਕਿ ਉਹ ਅਤੇ ਉਨ੍ਹਾਂ ਦਾ ਪਰਿਵਾਰ ਮਿਸ਼ਟੀ (ਤੋਤੇ) ਦੇ ਬਹੁਤ ਸ਼ੌਕੀਨ ਹਨ। ਮਿਸ਼ਟੀ ਦੇ ਜਾਣ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਖਾਣਾ ਵੀ ਨਹੀਂ ਖਾਧਾ ਹੈ।
ਦੱਸ ਦੇਈਏ ਇਹ ਹੈਰਾਨੀਜਨਕ ਮਾਮਲਾ ਮੇਰਠ ਤੋਂ ਸਾਹਮਣੇ ਆਇਆ ਹੈ। ਜਾਨਵਰਾਂ ਅਤੇ ਪੰਛੀਆਂ ਨਾਲ ਮਨੁੱਖ ਦੇ ਮੋਹ ਨੂੰ ਲੈ ਕੇ ਅਜਿਹੇ ਮਾਮਲੇ ਕਈ ਵਾਰ ਸਾਹਮਣੇ ਆ ਚੁੱਕੇ ਹਨ। ਇਸ ਤੋਂ ਪਹਿਲਾ ਪਿਛਲੇ ਦਿਨੀਂ ਮੇਰਠ ਕਮਿਸ਼ਨਰ ਦਾ ਕੁੱਤਾ ਗੁਆਚ ਜਾਣ ਤੋਂ ਬਾਅਦ ਮੇਰਠ ਪ੍ਰਸ਼ਾਸਨ ਦਾ ਪੂਰਾ ਸਟਾਫ ਉਸ ਦੀ ਭਾਲ ਵਿਚ ਲੱਗਾ ਹੋਇਆ ਸੀ, ਇਸ ਤੋਂ ਪਹਿਲਾਂ ਵੀ ਇਕ ਕੁੜੀ ਪਾਲਤੂ ਕੁੱਤੇ ਨੂੰ ਲੱਭਣ ਲਈ ਵਿਦੇਸ਼ ਤੋਂ ਮੇਰਠ ਆਈ ਸੀ। ਅਤੇ ਹੁਣ ਮੋਹਨਪੁਰੀ ਨਿਵਾਸੀ ਸ਼ਵੇਤਾ ਯਾਦਵ LIU ਸਪੈਸ਼ਲ ਇੰਸਪੈਕਟਰ ਨੇ ਤੋਤੇ ਨੂੰ ਲੱਭਣ ਵਾਲੇ ਲਈ ਪੰਜ ਹਜ਼ਾਰ ਦਾ ਇਨਾਮ ਰੱਖਿਆ ਹੈ।