ਪੰਜਾਬੀ ਗਾਇਕ ਲਾਭ ਜੰਜੂਆ ਦੀ ਪਤਨੀ ਦਲਜੀਤ ਕੌਰ ਜੰਜੂਆ (45) ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ। ਦਲਜੀਤ ਕੌਰ ਨੂੰ ਮੰਡੀ ਗੋਬਿੰਦਗੜ੍ਹ ਵਿੱਚ ਇੱਕ ਅਣਪਛਾਤੇ ਵਾਹਨ ਨੇ ਟੱਕਰ ਮਾਰ ਦਿੱਤੀ ਸੀ। ਦਲਜੀਤ ਕੌਰ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਤੋਂ ਬਾਅਦ ਬੱਸ ਰਾਹੀਂ ਖੰਨਾ ਪਰਤ ਰਹੀ ਸੀ। ਹਨੇਰਾ ਹੋਣ ਕਾਰਨ ਉਹ ਮੰਡੀ ਗੋਬਿੰਦਗੜ੍ਹ ਵਿਖੇ ਗਲਤੀ ਨਾਲ ਉਤਰ ਗਈ ਸੀ। ਇਸੇ ਦੌਰਾਨ ਇੱਕ ਤੇਜ਼ ਰਫ਼ਤਾਰ ਵਾਹਨ ਨੇ ਦਲਜੀਤ ਕੌਰ ਨੂੰ ਟੱਕਰ ਮਾਰ ਦਿੱਤੀ। ਦਲਜੀਤ ਕੌਰ ਜੰਜੂਆ ਦਾ ਸੋਮਵਾਰ ਨੂੰ ਖੰਨਾ ਦੇ ਸ਼ਮਸ਼ਾਨਘਾਟ ਵਿਖੇ ਸਸਕਾਰ ਕਰ ਦਿੱਤਾ ਗਿਆ ਹੈ। ਇਸ ਦੌਰਾਨ ਇੱਕ ਵੀ ਕਲਾਕਾਰ ਅੰਤਿਮ ਸੰਸਕਾਰ ਵਿੱਚ ਨਹੀਂ ਪਹੁੰਚਿਆ। ਪੁੱਤਰ ਬਲਜਿੰਦਰ ਸਿੰਘ ਜੰਜੂਆ ਨੇ 10 ਤੋਂ 15 ਲੋਕਾਂ ਦੀ ਹਾਜ਼ਰੀ ਵਿੱਚ ਆਪਣੀ ਮਾਤਾ ਦਾ ਅੰਤਿਮ ਸੰਸਕਾਰ ਕੀਤਾ।
ਬਲਜਿੰਦਰ ਸਿੰਘ ਜੰਜੂਆ ਨੇ ਦੱਸਿਆ ਕਿ ਪਿਤਾ ਦੀ ਮੌਤ ਤੋਂ ਬਾਅਦ ਸਾਰਾ ਕੰਮ ਮਾਂ ਹੀ ਕਰਦੀ ਸੀ। ਉਹ 10ਵੀਂ ਜਮਾਤ ਵਿੱਚ ਪੜ੍ਹਦਾ ਹੈ। ਮਾਤਾ ਦਲਜੀਤ ਕੌਰ ਰਿਸ਼ਤੇਦਾਰਾਂ ਕੋਲ ਗਈ ਹੋਈ ਸੀ। ਦੇਰ ਰਾਤ ਤੱਕ ਉਹ ਨਾ ਆਈ ਤਾਂ ਬੇਟਾ ਲਗਾਤਾਰ ਫੋਨ ਕਰ ਰਿਹਾ ਸੀ। ਰਾਤ ਕਰੀਬ ਇੱਕ ਵਜੇ ਕਿਸੇ ਨੇ ਫ਼ੋਨ ਚੁੱਕ ਕੇ ਦੱਸਿਆ ਕਿ ਉਸ ਦੀ ਮਾਤਾ ਦੀ ਮੰਡੀ ਗੋਬਿੰਦਗੜ੍ਹ ਵਿੱਚ ਮੌਤ ਹੋ ਗਈ ਹੈ। ਇਸ ਤੋਂ ਬਾਅਦ ਬੇਟਾ ਹਸਪਤਾਲ ਪਹੁੰਚਿਆ। ਸੋਮਵਾਰ ਨੂੰ ਉਨ੍ਹਾਂ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਹੈ।
ਦੱਸ ਦੇਈਏ ਕਿ 2015 ਵਿੱਚ ਗਾਇਕ ਅਤੇ ਗੀਤਕਾਰ ਲਾਭ ਜੰਜੂਆ ਦਾ ਦਿਹਾਂਤ ਹੋ ਗਿਆ ਸੀ। ਲਾਭ ਜੰਜੂਆ ਦੀ ਮ੍ਰਿਤਕ ਦੇਹ ਘਰ ਦੇ ਬੈੱਡ ‘ਤੇ ਪਈ ਮਿਲੀ ਸੀ। ਉਹ ਮੁੰਬਈ ਦੇ ਗੋਰੇਗਾਂਵ ਇਲਾਕੇ ਵਿੱਚ ਰਹਿੰਦੇ ਸੀ। ਲਾਭ ਜੰਜੂਆ ਨੇ ਬਾਲੀਵੁੱਡ ਅਤੇ ਪੰਜਾਬੀ ਵਿੱਚ ਕਈ ਗੀਤ ਗਾਏ ਹਨ। ਲਾਭ ਜੰਜੂਆ ਕੋਲ ਕੁਈਨ ਦਾ ‘ਲੰਡਨ ਠੁਮਕਦਾ’, ਰੱਬ ਨੇ ਬਣਾ ਦੀ ਜੋੜੀ ਦਾ ‘ਡਾਂਸ ਸੇ ਚਾਂਸ’, ਪਾਰਟਨਰ ਦਾ ‘ਸੋਹਣੀ ਦੇ ਨਖਰੇ ਸੋਹਣੇ ਲਗਦੇ’, ਸਿੰਗ ਇਜ਼ ਕਿੰਗ ਦਾ ‘ਜੀ ਕਰਦਾ’ ਵਰਗੇ ਕਈ ਹਿੱਟ ਗੀਤ ਹਨ।