ਕੇਂਦਰੀ ਸ਼ਾਸਤ ਪ੍ਰਦੇਸ਼ ਲੱਦਾਖ ‘ਚ ਸ਼ਨੀਵਾਰ ਸ਼ਾਮ ਨੂੰ ਭਾਰਤੀ ਫੌਜ ਦੀ ਗੱਡੀ ਹਾਦਸੇ ਦਾ ਸ਼ਿਕਾਰ ਹੋ ਗਈ। ਰਾਜਧਾਨੀ ਲੇਹ ਨੇੜੇ ਕਿਆਰੀ ਪਿੰਡ ਵਿੱਚ ਫੌਜ ਦਾ ਇੱਕ ਵਾਹਨ ਖਾਈ (ਖੱਡ) ਵਿੱਚ ਡਿੱਗ ਗਿਆ ਹੈ। ਜਾਣਕਾਰੀ ਮੁਤਾਬਿਕ ਇਸ ਹਾਦਸੇ ‘ਚ ਫੌਜ ਦੇ 9 ਜਵਾਨਾਂ ਦੇ ਸ਼ਹੀਦ ਹੋਣ ਦੀ ਸੂਚਨਾ ਹੈ, ਜਦਕਿ ਇੱਕ ਜਵਾਨ ਜ਼ਖਮੀ ਦੱਸਿਆ ਜਾ ਰਿਹਾ ਹੈ। ਜਾਨ ਗਵਾਉਣ ਵਾਲਿਆਂ ਵਿੱਚ ਅੱਠ ਜਵਾਨ ਅਤੇ ਇੱਕ ਜੇਸੀਓ (ਜੂਨੀਅਰ ਕਮਿਸ਼ਨਡ ਅਫਸਰ) ਸ਼ਾਮਿਲ ਹਨ।
ਦੱਸਿਆ ਜਾ ਰਿਹਾ ਹੈ ਕਿ ਕਿਆਰੀ ਪਿੰਡ ਤੋਂ ਸੱਤ ਕਿਲੋਮੀਟਰ ਪਹਿਲਾਂ ਫੌਜ ਦੀ ਗੱਡੀ ਹਾਦਸੇ ਦਾ ਸ਼ਿਕਾਰ ਹੋ ਗਈ ਅਤੇ ਖਾਈ ਵਿੱਚ ਡਿੱਗ ਗਈ। ਮੀਡੀਆ ਰਿਪੋਰਟਾਂ ਮੁਤਾਬਿਕ ਭਾਰਤੀ ਫੌਜ ਦੀ ਟੁਕੜੀ ਵਿੱਚ ਤਿੰਨ ਵਾਹਨ ਸ਼ਾਮਿਲ ਸਨ। ਇਸ ਵਿੱਚੋਂ ਫੌਜ ਦਾ ਟਰੱਕ ਹਾਦਸੇ ਦਾ ਸ਼ਿਕਾਰ ਹੋ ਗਿਆ ਹੈ। ਇਸ ਦਸਤੇ ਵਿੱਚ ਤਿੰਨ ਅਧਿਕਾਰੀ, ਦੋ ਜੇਸੀਓ ਅਤੇ 34 ਜਵਾਨ ਸ਼ਾਮਿਲ ਸਨ। ਤਿੰਨ ਵਾਹਨਾਂ ਦੇ ਇਸ ਦਸਤੇ ਵਿੱਚ ਇੱਕ ਜਿਪਸੀ, ਇੱਕ ਟਰੱਕ ਅਤੇ ਇੱਕ ਐਂਬੂਲੈਂਸ ਸੀ। ਲੱਦਾਖ ਦਾ ਉਹ ਇਲਾਕਾ ਜਿੱਥੇ ਇਹ ਹਾਦਸਾ ਹੋਇਆ ਹੈ, ਉਹ ਦੂਰ-ਦੁਰਾਡੇ ਦਾ ਇਲਾਕਾ ਹੈ।