ਪੰਜਾਬ ਵਿੱਚ ਸਤਲੁਜ ਦਰਿਆ ਨੇ ਭਿਆਨਕ ਰੂਪ ਧਾਰਨ ਕਰ ਲਿਆ ਹੈ। ਫਿਰੋਜ਼ਪੁਰ ਜ਼ਿਲ੍ਹੇ ਦੇ ਕਰੀਬ 50 ਪਿੰਡ ਹੜ੍ਹ ਦੀ ਲਪੇਟ ਵਿੱਚ ਹਨ। ਮੱਲਾਂਵਾਲਾ ਦੇ ਪਿੰਡ ਆਲੇ ਵਾਲਾ ਵਿੱਚ ਦੋ ਨੌਜਵਾਨ ਅਤੇ ਬਸਤੀ ਕਿਸ਼ਨਪੁਰਾ ਵਿੱਚ ਇੱਕ ਵਿਅਕਤੀ ਪਾਣੀ ਵਿੱਚ ਰੁੜ੍ਹ ਗਏ। ਇਨ੍ਹਾਂ ‘ਚੋਂ ਦੋ ਨੂੰ ਬਚਾ ਲਿਆ ਗਿਆ ਹੈ ਪਰ ਤੀਜੇ ਦਾ ਅਜੇ ਤੱਕ ਸੁਰਾਗ ਨਹੀਂ ਮਿਲਿਆ ਹੈ। ਕਈ ਪਿੰਡਾਂ ਤੋਂ ਪਸ਼ੂਆਂ ਦੀ ਮੌਤ ਹੋਣ ਦੀ ਸੂਚਨਾ ਮਿਲੀ ਹੈ। ਪਿੰਡ ਵਾਸੀਆਂ ਦੀ ਮਦਦ ਲਈ ਫੌਜ ਅਤੇ NDRF ਨੂੰ ਬੁਲਾਇਆ ਗਿਆ ਹੈ। ਹੁਸੈਨੀਵਾਲਾ ਵੱਲ ਪਾਣੀ ਨੇ 15 ਪਿੰਡਾਂ ਅਤੇ ਬੀਐਸਐਫ ਦੀ ਸਹੂਲਤ ਲਈ ਬਣਾਏ ਪੁਲ ਨੂੰ ਨੁਕਸਾਨ ਪਹੁੰਚਾਇਆ ਹੈ। ਦਰਿਆ ਦਾ ਪਾਣੀ ਦੁਲਚੀਕੇ ਡੈਮ ਤੱਕ ਪਹੁੰਚ ਗਿਆ ਹੈ। ਜੇਕਰ ਡੈਮ ਟੁੱਟ ਗਿਆ ਤਾਂ ਪੂਰਾ ਫਿਰੋਜ਼ਪੁਰ ਪਾਣੀ ਵਿੱਚ ਡੁੱਬ ਜਾਵੇਗਾ। ਹਰੀਕੇ ਹੈੱਡ ਤੋਂ ਲੱਖਾਂ ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ।
ਸਾਲ 1988 ਦੇ ਮੁਕਾਬਲੇ ਇਸ ਵਾਰ ਹੜ੍ਹ ਜ਼ਿਆਦਾ ਆਇਆ ਹੈ। ਪਿੰਡ ਕਾਲੂ ਵਾਲਾ ਨੂੰ ਪੂਰੀ ਤਰ੍ਹਾਂ ਖਾਲੀ ਕਰਵਾ ਲਿਆ ਗਿਆ ਹੈ। ਇਸ ਪਿੰਡ ਦੀ 20 ਏਕੜ ਜ਼ਮੀਨ ਦਰਿਆ ਵਿੱਚ ਡੁੱਬ ਗਈ ਹੈ। ਮਾਹਿਰਾਂ ਅਨੁਸਾਰ ਫਿਰੋਜ਼ਪੁਰ ਦੇ 50 ਪਿੰਡ ਹੜ੍ਹ ਨਾਲ ਪ੍ਰਭਾਵਿਤ ਹਨ। ਲੋਕ ਆਪਣੇ ਘਰ ਛੱਡ ਕੇ ਸੁਰੱਖਿਅਤ ਥਾਵਾਂ ‘ਤੇ ਪਹੁੰਚ ਗਏ ਹਨ। ਪਿੰਡ ਵਾਸੀਆਂ ਨੂੰ ਰਾਹਤ ਕੈਂਪਾਂ ਵਿੱਚ ਪਹੁੰਚਣ ਦੀ ਅਪੀਲ ਕੀਤੀ ਜਾ ਰਹੀ ਹੈ। ਕਈ ਪਿੰਡ ਵਾਸੀ ਬੰਨ੍ਹ ’ਤੇ ਬੈਠੇ ਹਨ। ਪਿੰਡ ਵਾਸੀਆਂ ਦੀ ਅਪੀਲ ’ਤੇ ਜ਼ਿਲ੍ਹਾ ਪ੍ਰਸ਼ਾਸਨ ਨੇ ਹੁਸੈਨੀਵਾਲਾ ਹੈੱਡ ਦੇ ਗੇਟ ਖੋਲ੍ਹ ਦਿੱਤੇ ਹਨ। ਮੱਲਾਂਵਾਲਾ, ਪੱਲਾ ਮੇਗਾ ਅਤੇ ਹੁਸੈਨੀਵਾਲਾ ਦੇ ਨਾਲ ਲੱਗਦੇ ਸਾਰੇ ਪਿੰਡ ਹੜ੍ਹ ਦੀ ਲਪੇਟ ਵਿੱਚ ਆ ਗਏ ਹਨ। ਫੌਜ ਅਤੇ ਐਨਡੀਆਰਐਫ ਪਿੰਡ ਵਾਸੀਆਂ ਨੂੰ ਕਿਸ਼ਤੀਆਂ ਅਤੇ ਮੋਟਰ ਬੋਟਾਂ ਰਾਹੀਂ ਸੁਰੱਖਿਅਤ ਥਾਵਾਂ ’ਤੇ ਪਹੁੰਚਾਉਣ ਵਿੱਚ ਲੱਗੇ ਹੋਏ ਹਨ। ਗੱਟੀ ਰਾਜੋਕੇ ਵਿਖੇ ਫੌਜ ਵੱਲੋਂ ਪੁਲ ਦੀ ਮੁਰੰਮਤ ਕੀਤੀ ਜਾ ਰਹੀ ਹੈ।