ਮਾਪਿਆਂ ਤੋਂ ਬਾਅਦ ਬੱਚਿਆਂ ਨੂੰ ਸਹੀ ਰਸਤੇ ‘ਤੇ ਚੱਲਣ ਦੀ ਸਿੱਖਿਆ ਦੇਣ ਦਾ ਫਰਜ਼ ਇੱਕ ਅਧਿਆਪਕ ਦਾ ਹੁੰਦਾ ਹੈ। ਪਰ ਜੇ ਅਧਿਆਪਕ ਆਪ ਕੁਰਾਹੇ ਪਿਆ ਹੋਵੇ ਤਾਂ ਉਹ ਬੱਚਿਆਂ ਦਾ ਕੀ ਸਵਾਰੇਗਾ। Whanganui ਤੋਂ ਇੱਕ ਅਧਿਆਪਕ ਨਾਲ ਜੁੜਿਆ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਬਾਰੇ ਸੁਣ ਤੁਸੀ ਵੀ ਹੈਰਾਨ ਰਹਿ ਜਾਓਗੇ, ਦਰਅਸਲ ਅਧਿਆਪਕ ‘ਤੇ ਸਕੂਲ ‘ਚ ਮੈਥਾਮਫੇਟਾਮਾਈਨ ਨਸ਼ਾ ਕਰਨ ਦਾ ਇਲਜ਼ਾਮ ਲੱਗਿਆ ਹੈ। ਹਾਲਾਂਕਿ ਸਕੂਲ ਦੇ ਨਾਮ ਦਾ ਖੁਲਾਸਾ ਗਿਆ ਹੈ। ਰਿਪੋਰਟਾਂ ਅਨੁਸਾਰ ਅਧਿਆਪਕ ਐਨਕਾਂ ਦੀ ਡੱਬੀ ‘ਚ ਮੈਥਾਮਫੇਟਾਮਾਈਨ ਲੈ ਕੇ ਆਈ ਸੀ ਅਤੇ ਸਕੂਲ ਦੇ ਮੈਦਾਨ ਵਿੱਚ ਨਸ਼ੀਲੇ ਪਦਾਰਥਾਂ ਦਾ ਸੇਵਨ ਕੀਤਾ ਸੀ। ਇਹ ਮਾਮਲਾ ਓਦੋਂ ਸਾਹਮਣੇ ਆਇਆ ਸੀ ਜਦੋਂ ਅਧਿਆਪਕ ਨੇ ਸਟਾਫ ਅਤੇ ਵਿਸ਼ੇਸ਼ ਲੋੜਾਂ ਵਾਲੇ ਵਿਦਿਆਰਥੀਆਂ ਦੁਆਰਾ ਵਰਤੇ ਗਏ ਬਾਥਰੂਮ ਵਿੱਚ ਆਪਣੀਆਂ ਐਨਕਾਂ ਦਾ ਕੇਸ ਛੱਡ ਦਿੱਤਾ ਸੀ।
ਜਾਣਕਾਰੀ ਅਨੁਸਾਰ ਅਧਿਆਪਕਾ 15 ਸਾਲਾਂ ਤੋਂ ਪੜ੍ਹਾ ਰਹੀ ਹੈ। ਅਧਿਆਪਕ ਅਨੁਸ਼ਾਸਨੀ ਟ੍ਰਿਬਿਊਨਲ ਵੱਲੋਂ ਅੱਜ ਜਾਰੀ ਕੀਤੇ ਗਏ ਫੈਸਲੇ ਵਿੱਚ ਕਿਹਾ ਗਿਆ ਹੈ ਕਿ ਇਸ ਸਾਲ ਮਾਰਚ ਵਿੱਚ ਔਰਤ ਖ਼ਿਲਾਫ਼ ਗੰਭੀਰ ਦੁਰਵਿਹਾਰ ਦੇ ਦੋਸ਼ਾਂ ਦੀ ਸੁਣਵਾਈ ਹੋਈ ਸੀ। ਅਧਿਆਪਕਾ ਦੇ ਵੱਖ-ਵੱਖ ਸਹਿਯੋਗੀਆਂ ਨੇ ਵੀ ਨੋਟ ਕੀਤਾ ਸੀ ਕਿ ਉਹ “ਗਲਤ” ਕੰਮ ਕਰ ਰਹੀ ਸੀ। ਇਹ ਖੁਲਾਸਾ ਵੀ ਹੋਇਆ ਹੈ ਕਿ ਉਹ ਅਕਸਰ ਪੇਟ ਖਰਾਬ ਹੋਣ ਦੀ ਸ਼ਿਕਾਇਤ ਕਰ ਬਾਥਰੂਮ ‘ਚ ਚੱਲੀ ਜਾਂਦੀ ਸੀ।
ਇੱਕ ਅਧਿਆਪਕ ਸਹਾਇਕ ਨੇ ਦਾਅਵਾ ਕੀਤਾ ਕਿ ਉਸ ਨੂੰ ਅਧਿਆਪਕਾ ਦੇ ਕਲਾਸਰੂਮ ਵਿੱਚ ਐਨਕਾਂ ਦਾ ਇੱਕ ਕੇਸ ਮਿਲਿਆ ਸੀ, ਜਿਸ ਬਾਰੇ ਇੱਕ ਵਿਦਿਆਰਥੀ ਨੇ ਕਿਹਾ ਕਿ ਉਹ ਅਧਿਆਪਕ ਦਾ ਹੈ। ਜਦੋਂ ਸਹਾਇਕ ਨੇ ਇਸ ਨੂੰ ਖੋਲ੍ਹਿਆ, ਤਾਂ ਚਿੱਟੇ ਪਾਊਡਰ ਅਤੇ ਕੱਚ ਦੀ ਪਾਈਪ ਵਾਲੇ ਜ਼ਿਪ-ਲਾਕ ਬੈਗ ਵਿੱਚੋਂ ਮਿਲੇ ਸਨ। ਫਿਰ ਕੁੱਝ ਹਫ਼ਤਿਆਂ ਬਾਅਦ ਅਧਿਆਪਕਾ ਨੂੰ ਸਟਾਫ਼ ਅਤੇ ਵਿਸ਼ੇਸ਼ ਲੋੜਾਂ ਵਾਲੇ ਵਿਦਿਆਰਥੀਆਂ ਦੁਆਰਾ ਵਰਤੇ ਜਾਂਦੇ ਬਾਥਰੂਮ ਵੱਲ ਵਧਦੇ ਦੇਖਿਆ ਗਿਆ ਸੀ। ਥੋੜ੍ਹੀ ਦੇਰ ਬਾਅਦ, ਇੱਕ ਹੋਰ ਸਟਾਫ ਮੈਂਬਰ ਨੇ ਬਾਥਰੂਮ ਦੀ ਵਰਤੋਂ ਕੀਤੀ ਅਤੇ ਅੰਦਰ ਇੱਕ ਐਨਕਾਂ ਦਾ ਕੇਸ ਦੇਖਿਆ ਸੀ। ਇਸ ਮਗਰੋਂ ਕਾਰਜਕਾਰੀ ਪ੍ਰਿੰਸੀਪਲ ਨੇ ਕੇਸ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਅਤੇ ਇੱਕ ਪੁਲਿਸ ਅਧਿਕਾਰੀ ਨਾਲ ਸੰਪਰਕ ਕੀਤਾ, ਜਿਸਨੇ ਪੁਸ਼ਟੀ ਕੀਤੀ ਕਿ ਇਹ ਵਸਤੂਆਂ ਨਸ਼ੀਲੇ ਪਦਾਰਥਾਂ ਦਾ ਸੇਵਨ ਕਰਨ ਲਈ ਵਰਤੀਆਂ ਜਾਂਦੀਆਂ ਹਨ।
ਇਸ ਤੋਂ ਬਾਅਦ ਸਟਾਫ ਨੂੰ ਡਰੱਗ ਟੈਸਟ ਕਰਵਾਉਣ ਦਾ ਹੁਕਮ ਦਿੱਤਾ ਗਿਆ ਸੀ ਪਰ ਅਧਿਆਪਕਾ ਨੇ ਕਿਹਾ ਕਿ ਉਹ ਸਹਿਮਤ ਹੋਣ ਤੋਂ ਪਹਿਲਾਂ ਯੂਨੀਅਨ ਦੇ ਪ੍ਰਤੀਨਿਧੀ ਨਾਲ ਗੱਲ ਕਰਨਾ ਚਾਹੁੰਦੀ ਹੈ। ਜਦਕਿ ਬਾਕੀ ਸਾਰੇ ਸਟਾਫ ਦੇ ਅੰਤ ਵਿੱਚ ਨਕਾਰਾਤਮਕ ਨਤੀਜੇ ਆਏ ਸਨ, ਪਰ ਅਧਿਆਪਕਾ ਨੇ ਟੈਸਟ ਕਰਵਾਉਣ ਤੋਂ ਇਨਕਾਰ ਕਰ ਦਿੱਤਾ। ਫਿਲਹਾਲ ਟ੍ਰਿਬਿਊਨਲ ਨੇ ਜਾਂਚ ਮਗਰੋਂ ਅਧਿਆਪਕਾ ਦੀ ਅਧਿਆਪਨ ਰਜਿਸਟ੍ਰੇਸ਼ਨ ਰੱਦ ਕਰ ਦਿੱਤੀ ਅਤੇ ਉਸਨੂੰ $4751 ਦੀ ਲਾਗਤ ਦਾ ਭੁਗਤਾਨ ਕਰਨ ਦਾ ਆਦੇਸ਼ ਦਿੱਤਾ ਹੈ।