ਭਾਰਤੀ ਮਹਿਲਾ ਪਹਿਲਵਾਨ ਵਿਨੇਸ਼ ਫੋਗਾਟ ਏਸ਼ੀਆਈ ਖੇਡਾਂ ਤੋਂ ਬਾਹਰ ਹੋ ਗਈ ਹੈ। 13 ਅਗਸਤ ਨੂੰ ਵਿਨੇਸ਼ ਦੇ ਗੋਡੇ ‘ਤੇ ਸੱਟ ਲੱਗ ਗਈ ਸੀ, ਜਿਸ ਕਾਰਨ ਵਿਨੇਸ਼ ਨੇ ਆਪਣਾ ਨਾਂ ਵਾਪਿਸ ਲੈ ਲਿਆ ਸੀ। ਵਿਨੇਸ਼ ਦੀ ਥਾਂ ‘ਤੇ ਜੂਨੀਅਰ ਵਿਸ਼ਵ ਚੈਂਪੀਅਨ ਹੁਣ ਅੰਤਿਮ ਪੰਘਾਲ ਏਸ਼ੀਆਈ ਖੇਡਾਂ ਦੇ 53 ਕਿਲੋ ਵਰਗ ‘ਚ ਹਿੱਸਾ ਲਵੇਗੀ। ਵਿਨੇਸ਼ ਨੇ ਆਪਣੇ ਟਵਿਟਰ ‘ਤੇ ਇੱਕ ਪੋਸਟ ਲਿਖ ਕੇ ਇਹ ਜਾਣਕਾਰੀ ਦਿੱਤੀ। ਵਿਨੇਸ਼ ਨੂੰ ਏਸ਼ਿਆਈ ਖੇਡਾਂ ਵਿੱਚ ਸਿੱਧੀ ਐਂਟਰੀ ਮਿਲੀ ਸੀ। ਇਸ ਦੇ ਲਈ ਉਨ੍ਹਾਂ ਨੂੰ ਟਰਾਇਲਾਂ ‘ਚੋਂ ਨਹੀਂ ਲੰਘਣਾ ਪਿਆ।ਵਿਨੇਸ਼ ਨੇ ਪੋਸਟ ‘ਚ ਦੱਸਿਆ ਕਿ ਉਨ੍ਹਾਂ ਦੀ 17 ਅਗਸਤ ਨੂੰ ਸਰਜਰੀ ਹੋਵੇਗੀ।
ਵਿਨੇਸ਼ ਨੇ ਜਕਾਰਤਾ ‘ਚ ਖੇਡੀਆਂ ਪਿਛਲੀਆਂ ਏਸ਼ੀਆਈ ਖੇਡਾਂ ‘ਚ ਸੋਨ ਤਮਗਾ ਜਿੱਤਿਆ ਸੀ ਪਰ ਇਸ ਵਾਰ ਉਹ ਆਪਣੇ ਖਿਤਾਬ ਦਾ ਬਚਾਅ ਨਹੀਂ ਕਰ ਸਕੇਗੀ। ਉਹ 53 ਕਿਲੋ ਭਾਰ ਵਰਗ ਵਿੱਚ ਖੇਡਦੀ ਹੈ। ਚੀਨ ਵਿੱਚ ਹੋਣ ਵਾਲੀਆਂ ਏਸ਼ਿਆਈ ਖੇਡਾਂ ਵਿੱਚ ਕੁਸ਼ਤੀ ਦੇ ਮੈਚ 23 ਸਤੰਬਰ ਤੋਂ ਸ਼ੁਰੂ ਹੋਣਗੇ। ਵਿਨੇਸ਼ ਨੇ ਟਵਿੱਟਰ ‘ਤੇ ਇੱਕ ਪੱਤਰ ਪੋਸਟ ਕੀਤਾ ਹੈ ਕਿ ਡਾਕਟਰਾਂ ਨੇ ਉਸ ਨੂੰ ਕਿਹਾ ਹੈ ਕਿ ਸਰਜਰੀ ਹੀ ਇਕਮਾਤਰ ਵਿਕਲਪ ਹੈ। ਵਿਨੇਸ਼ ਨੇ ਲਿਖਿਆ ਕਿ ਉਹ ਨਿਰਾਸ਼ ਹੈ ਕਿ ਉਹ ਆਪਣੇ ਖਿਤਾਬ ਦਾ ਬਚਾਅ ਨਹੀਂ ਕਰ ਸਕੇਗੀ। ਵਿਨੇਸ਼ ਨੇ ਇਸ ਮਾਮਲੇ ‘ਚ ਸਾਰੇ ਸਬੰਧਿਤ ਲੋਕਾਂ ਨੂੰ ਦੱਸ ਦਿੱਤਾ ਹੈ ਤਾਂ ਜੋ ਰਿਜ਼ਰਵ ਖਿਡਾਰੀ ਨੂੰ ਮੌਕਾ ਮਿਲ ਸਕੇ। ਵਿਨੇਸ਼ ਨੇ ਆਪਣੇ ਪ੍ਰਸ਼ੰਸਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਉਸੇ ਤਰ੍ਹਾਂ ਉਸ ਦਾ ਸਮਰਥਨ ਕਰਦੇ ਰਹਿਣ ਤਾਂ ਜੋ ਉਹ ਪੈਰਿਸ ਓਲੰਪਿਕ-2024 ਦੀ ਤਿਆਰੀ ਕਰ ਸਕੇ।