ਅੰਮ੍ਰਿਤਸਰ ਦੇ ਸ਼੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਤਾਇਨਾਤ ਕਸਟਮ ਅਧਿਕਾਰੀਆਂ ਨੇ ਸੋਮਵਾਰ ਨੂੰ ਸ਼ਾਰਜਾਹ ਤੋਂ ਵਾਪਿਸ ਆਏ ਇੱਕ ਯਾਤਰੀ ਤੋਂ 45 ਲੱਖ 22 ਹਜ਼ਾਰ ਰੁਪਏ ਦਾ ਗੈਰ-ਕਾਨੂੰਨੀ ਸੋਨਾ ਜ਼ਬਤ ਕੀਤਾ ਹੈ। ਇੰਡੀਗੋ ਦੀ ਫਲਾਈਟ ਨੰਬਰ 6E1428 ਤੋਂ ਆਏ ਇਸ ਯਾਤਰੀ ਨੇ ਕੈਪਸੂਲ ‘ਚ ਛੁਪਾ ਕੇ ਸੋਨਾ ਤਸਕਰੀ ਕਰਨ ਦੀ ਕੋਸ਼ਿਸ਼ ਕੀਤੀ ਸੀ। ਕਸਟਮ ਕਮਿਸ਼ਨਰੇਟ ਨੇ ਇਸ ਯਾਤਰੀ ਖਿਲਾਫ ਕਸਟਮ ਐਕਟ ਤਹਿਤ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਕਸਟਮ ਦੇ ਬੁਲਾਰੇ ਅਨੁਸਾਰ 14 ਅਗਸਤ ਨੂੰ ਇੰਡੀਗੋ ਏਅਰਲਾਈਨ ਦੀ ਫਲਾਈਟ ਨੰਬਰ 6E1428 ਸ਼ਾਰਜਾਹ ਤੋਂ ਉਡਾਣ ਭਰਨ ਤੋਂ ਬਾਅਦ ਅੰਮ੍ਰਿਤਸਰ ਦੇ ਐਸਜੀਆਰਡੀ ਹਵਾਈ ਅੱਡੇ ‘ਤੇ ਉਤਰੀ ਸੀ। ਇਸ ਫਲਾਈਟ ਤੋਂ ਆਉਣ ਵਾਲੇ ਯਾਤਰੀਆਂ ਦੇ ਸਮਾਨ ਦੀ ਚੈਕਿੰਗ ਦੌਰਾਨ ਇੱਕ ਯਾਤਰੀ ਦੀ ਨਿੱਜੀ ਚੈਕਿੰਗ ਦੌਰਾਨ ਉਸ ਦੇ ਕਬਜ਼ੇ ‘ਚੋਂ ਤਿੰਨ ਕੈਪਸੂਲ ਬਰਾਮਦ ਹੋਏ। ਇਹ ਯਾਤਰੀ ਉਕਤ ਕੈਪਸੂਲ ਆਪਣੇ ਗੁਦਾ ‘ਚ ਛੁਪਾ ਕੇ ਸ਼ਾਰਜਾਹ ਤੋਂ ਭਾਰਤ ਲਿਆਇਆ ਸੀ।
ਜਾਂਚ ਦੌਰਾਨ ਮੁਲਜ਼ਮਾਂ ਕੋਲੋਂ ਬਰਾਮਦ ਤਿੰਨੋਂ ਕੈਪਸੂਲ ਦਾ ਕੁੱਲ ਵਜ਼ਨ 1054 ਗ੍ਰਾਮ ਪਾਇਆ ਗਿਆ। ਉਨ੍ਹਾਂ ਨੂੰ ਖੋਲ੍ਹਣ ‘ਤੇ ਅੰਦਰੋਂ 750 ਗ੍ਰਾਮ ਸੋਨਾ ਬਰਾਮਦ ਹੋਇਆ, ਜਿਸ ਦੀ ਬਾਜ਼ਾਰੀ ਕੀਮਤ 45 ਲੱਖ 22 ਹਜ਼ਾਰ ਰੁਪਏ ਦੱਸੀ ਜਾਂਦੀ ਹੈ। ਕਸਟਮ ਅਧਿਕਾਰੀਆਂ ਨੇ ਯਾਤਰੀ ਕੋਲੋਂ ਬਰਾਮਦ ਕੀਤਾ ਗੈਰ-ਕਾਨੂੰਨੀ ਸੋਨਾ ਜ਼ਬਤ ਕਰ ਲਿਆ ਅਤੇ ਕਸਟਮ ਐਕਟ, 1962 ਦੀ ਧਾਰਾ 110 ਦੇ ਤਹਿਤ ਉਸ ਖਿਲਾਫ ਕਾਰਵਾਈ ਸ਼ੁਰੂ ਕਰ ਦਿੱਤੀ ਹੈ।