ਜੇਕਰ ਤੁਸੀ ਚੰਗੇ ਭਵਿੱਖ ਲਈ ਲੱਖਾਂ ਰੁਪਏ ਖਰਚੇ ਹੋਣ ਪਰ ਇੰਨ੍ਹੇ ਪੈਸੇ ਖਰਚਣ ਮਗਰੋਂ ਵੀ ਤੁਹਾਨੂੰ ਮਾੜੇ ਹਲਾਤਾਂ ਨਾਲ ਜੂਝਣਾ ਪਏ ਤਾਂ ਸੋਚੋ ਤੁਹਾਡੇ ‘ਤੇ ਕੀ ਬੀਤੇਗੀ। ਦਰਅਸਲ ਅਜਿਹਾ ਹੀ ਕੁੱਝ ਹੋਇਆ ਹੈ ਦੱਖਣੀ ਆਕਲੈਂਡ ‘ਚ ਪਹੁੰਚੇ ਪ੍ਰਵਾਸੀਆਂ ਦੇ ਨਾਲ। ਰਿਪੋਰਟਾਂ ਅਨੁਸਾਰ ਪੁਲਿਸ ਨੂੰ ਦੱਖਣੀ ਆਕਲੈਂਡ ਵਿੱਚ ਇੱਕ ਘਰ ‘ਚ ਮਦਦ ਲਈ ਬੁਲਾਇਆ ਗਿਆ ਸੀ ਜਿੱਥੇ ਇੱਕ ਤਿੰਨ ਬੈੱਡਰੂਮ ਵਾਲੇ ਘਰ ਦੇ ਅੰਦਰ ਦਰਜਨਾਂ ਪ੍ਰਵਾਸੀਆਂ ਨੂੰ ਰੱਖਿਆ ਗਿਆ ਸੀ। ਪ੍ਰਵਾਸੀਆਂ ਇੰਨ੍ਹਾਂ ਹਲਾਤਾਂ ਨੂੰ ਦੇਖਣ ਤੋਂ ਬਾਅਦ ਹੁਣ ਪੁਲਿਸ ਨੇ ਅਪਰਾਧਿਕ ਜਾਂਚ ਸ਼ੁਰੂ ਕਰ ਦਿੱਤੀ ਹੈ। ਇਹ ਦੋਸ਼ ਹੈ ਕਿ ਪ੍ਰਵਾਸੀਆਂ ਨੇ ਸਥਾਨਕ ਭਰਤੀ ਠੇਕੇਦਾਰਾਂ (contractors) ਨਾਲ ਰੁਜ਼ਗਾਰ ਸਮਝੌਤੇ ਲਈ ਹਜ਼ਾਰਾਂ ਡਾਲਰ ਅਦਾ ਕੀਤੇ ਸੀ, ਪਰ ਇੱਥੇ ਪਹੁੰਚਣ ਤੋਂ ਬਾਅਦ ਉਨ੍ਹਾਂ ਨੂੰ ਕੋਈ ਕੰਮ ਜਾਂ ਤਨਖਾਹ ਨਹੀਂ ਮਿਲੀ।
ਐਤਵਾਰ ਰਾਤ ਨੂੰ, ਜਦੋਂ ਉਨ੍ਹਾਂ ਦਾ ਖਾਣਾ ਖਤਮ ਹੋ ਗਿਆ ਤਾਂ ਪ੍ਰਵਾਸੀਆਂ ਨੇ ਪੁਲਿਸ ਨੂੰ ਬੁਲਾਇਆ ਸੀ ਅਤੇ ਉਨ੍ਹਾਂ ਤੋਂ ਮਦਦ ਮੰਗੀ ਸੀ। ਘਰ ਵਿੱਚ 40 ਦੇ ਕਰੀਬ ਪ੍ਰਵਾਸੀ ਬੀਤੇ ਕਰੀਬ 3 ਮਹੀਨਿਆਂ ਤੋਂ ਬਹੁਤ ਹੀ ਮਾੜੇ ਹਾਲਾਤ ਵਿੱਚ ਰਹਿ ਰਹੇ ਸਨ। ਇਹ ਸਾਰੇ ਪਰਵਾਸੀ ਐਕਰੀਡੇਟਡ ਇਮਪਲਾਇਰ ਵਰਕਰ ਸਕੀਮ ਤਹਿਤ ਹਜਾਰਾਂ ਡਾਲਰਾਂ ਦੀ ਅਦਾਇਗੀ ਐਜੰਟਾਂ ਨੂੰ ਦੇ ਕੇ ਨਿਊਜੀਲੈਂਡ ਪੁੱਜੇ ਸਨ। ਇਸ ਦੌਰਾਨ ਇੱਕ ਪ੍ਰਵਾਸੀ ਕਰਮਚਾਰੀ ਨੇ ਦੱਸਿਆ ਕਿ ਉਹ ਹਰ ਰੋਜ ਗੁਰਦੁਆਰਿਆਂ ਵਿਚ ਲੰਗਰ ਛੱਕ ਕੇ ਗੁਜਾਰਾ ਕਰਨ ਨੂੰ ਮਜਬੂਰ ਸਨ। ਕਈ ਵਾਰ ਉਨ੍ਹਾਂ ਨੂੰ ਸਿਰਫ ਪਾਣੀ ਪੀ-ਪੀ ਕੇ ਹੀ ਗੁਜਾਰਾ ਕਰਨਾ ਪੈ ਰਿਹਾ ਸੀ। ਫਿਲਹਾਲ ਹੁਣ ਇਮੀਗ੍ਰੇਸ਼ਨ ਨਿਊਜ਼ੀਲੈਂਡ ਨੇ ਕਥਿਤ ਵੀਜ਼ਾ ਧੋਖਾਧੜੀ ਅਤੇ ਪ੍ਰਵਾਸੀ ਸ਼ੋਸ਼ਣ ਦੀ ਇੱਕ ਵੱਡੀ ਜਾਂਚ ਸ਼ੁਰੂ ਕੀਤੀ ਹੈ, ਜੋ ਕਿ ਗੰਭੀਰ ਅਪਰਾਧਿਕ ਅਪਰਾਧ ਹਨ।