ਭਾਰਤੀ ਕ੍ਰਿਕਟ ਟੀਮ ਦੇ ਖਿਡਾਰੀ ਸ਼ਿਖਰ ਧਵਨ ਨੇ ਵੀਰਵਾਰ ਨੂੰ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕ ਕੇ ਸੁੱਖ-ਸ਼ਾਂਤੀ ਦੀ ਅਰਦਾਸ ਕੀਤੀ ਹੈ। ਸ਼ਿਖਰ ਧਵਨ ਪੰਜਾਬ ਦੌਰੇ ‘ਤੇ ਹਨ। ਪਰ ਖਾਸ ਗੱਲ ਹੈ ਕਿ ਧਵਨ ਇੱਕ ਆਮ ਸ਼ਰਧਾਲੂ ਵਾਂਗ ਮੱਥਾ ਟੇਕਣ ਲਈ ਸ੍ਰੀ ਦਰਬਾਰ ਸਾਹਿਬ ਪੁੱਜੇ ਸਨ। ਧਵਨ ਦੇ ਨਾਲ ਕੋਈ ਸੁਰੱਖਿਆ ਕਰਮਚਾਰੀ ਵੀ ਨਹੀਂ ਸੀ। ਇਹੀ ਕਾਰਨ ਸੀ ਕਿ ਲੋਕ ਧਵਨ ਨੂੰ ਪਛਾਣ ਵੀ ਨਹੀਂ ਸਕੇ ਸੀ। ਸ਼ਿਖਰ ਧਵਨ ਨੇ ਸੋਸ਼ਲ ਮੀਡੀਆ ‘ਤੇ ਕੁੱਝ ਤਸਵੀਰਾਂ ਅਪਲੋਡ ਕੀਤੀਆਂ ਹਨ।
ਇਸ ਦੌਰਾਨ ਸ਼ਿਖਰ ਧਵਨ ਨੇ ਪਰਿਕਰਮਾ ਕੀਤੀ ਅਤੇ ਲੰਗਰ ਹਾਲ ‘ਚ ਜਾ ਕੇ ਲੰਗਰ ਛਕਿਆ ਅਤੇ ਬਰਤਨ ਸਾਫ਼ ਕਰਨ ਦੀ ਸੇਵਾ ਵੀ ਕੀਤੀ। ਭਾਂਡਿਆਂ ਦੀ ਸੇਵਾ ਕਰਦੇ ਸਮੇਂ ਕੁਝ ਸ਼ਰਧਾਲੂਆਂ ਨੇ ਉਨ੍ਹਾਂ ਨੂੰ ਪਛਾਣ ਲਿਆ, ਉਹ ਉਨ੍ਹਾਂ ਨੂੰ ਅਚਨਚੇਤ ਮਿਲੇ। ਉਨ੍ਹਾਂ ਲਾਈਨ ਵਿੱਚ ਖੜ੍ਹੇ ਹੋ ਕੇ ਕੜਾਹ ਪ੍ਰਸ਼ਾਦ ਲਿਆ ਅਤੇ ਗੁਰਬਾਣੀ ਦਾ ਇਲਾਹੀ ਕੀਰਤਨ ਵੀ ਸਰਵਣ ਕੀਤਾ।