ਨਿਊਜ਼ੀਲੈਂਡ ‘ਚ ਲੁਟੇਰਿਆਂ ਦੇ ਹੌਂਸਲੇ ਦਿਨੋਂ ਦਿਨ ਬੁਲੰਦ ਹੁੰਦੇ ਜਾ ਰਹੇ ਨੇ ਜਿੱਥੇ ਪਹਿਲਾ ਰਾਤਾਂ ਨੂੰ ਵਾਰਦਾਤਾਂ ਸਾਹਮਣੇ ਆਉਂਦੀਆਂ ਸੀ ਹੁਣ ਦਿਨ ਦਿਹਾੜੇ ਲੁੱਟਾਂ ਖੋਹਾਂ ਨੂੰ ਵੀ ਅੰਜਾਮ ਦਿੱਤਾ ਜਾਣ ਲੱਗਾ ਹੈ। ਇੰਨਾਂ ਹੀ ਨਹੀਂ ਅਪਰਾਧੀ ਹੁਣ ਪੁਲਿਸ ਦੀ ਮੌਜੂਦਗੀ ਵਾਲੇ ਇਲਾਕਿਆਂ ‘ਚ ਵੀ ਵਾਰਦਾਤ ਕਰ ਰਫੂ ਚੱਕਰ ਹੋ ਜਾਂਦੇ ਨੇ। ਹੁਣ ਵੀ ਇੱਕ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਇੱਕ 27 ਸਾਲ ਦਾ ਨੌਜਵਾਨ ਇੱਕ ਵਾਹਨ ਚੋਰੀ ਕਰ ਭੱਜ ਰਿਹਾ ਸੀ, ਇਸ ਦੌਰਾਨ ਪੁਲਿਸ ਨੇ ਵੀ ਨੌਜਵਾਨ ਨੂੰ ਰੁਕਣ ਦਾ ਇਸ਼ਾਰਾ ਕੀਤਾ ਸੀ, ਪਰ ਉਸ ਨੇ ਰੁਕਣ ਦੀ ਬਜਾਏ ਆਕਲੈਂਡ ਦੀਆਂ ਸੜਕਾਂ ‘ਤੇ ਗਲਤ ਦਿਸ਼ਾ ਵਿੱਚ ਤੇਜੀ ਨਾਲ ਗੱਡੀ ਚਲਾਉਣੀ ਸ਼ੁਰੂ ਕਰ ਦਿੱਤੀ। ਹਾਲਾਂਕਿ ਇਸ ਮਗਰੋਂ ਪੁਲਿਸ ਨੇ ਉਸਦਾ ਪਿੱਛਾ ਕਰ ਉਸਨੂੰ ਕਾਬੂ ਤਾਂ ਕਰ ਲਿਆ ਪਿਆ ਗ੍ਰਿਫਤਾਰੀ ਤੱਕ ਉਸਨੇ ਆਮ ਲੋਕਾਂ ਦੀ ਜਾਨ ਨੂੰ ਵੀ ਖ਼ਤਰੇ ‘ਚ ਪਾਇਆ ਹੋਇਆ ਸੀ।
ਪੁਲਿਸ ਨੇ ਸਵੇਰੇ 9.05 ਵਜੇ ਮੈਂਗੇਰੇ ਵਿੱਚ ਰਿਚਰਡ ਪੀਅਰਸ ਡਰਾਈਵ ‘ਤੇ ਇਹ SUV ਦੇਖੀ ਸੀ ਅਤੇ ਇਸਨੂੰ ਰੁਕਣ ਦਾ ਸੰਕੇਤ ਦਿੱਤਾ ਸੀ। ਇੰਸਪੈਕਟਰ ਡੈਨੀਅਲ ਮੀਡੇ ਨੇ ਕਿਹਾ ਕਿ SUV ਨੂੰ ਬਾਅਦ ਵਿੱਚ ਮੈਨੁਰੇਵਾ ਖੇਤਰ ਵਿੱਚ ਦੇਖਿਆ ਗਿਆ ਸੀ ਜਦੋਂ ਅਧਿਕਾਰੀਆਂ ਨੂੰ ਰਿਪੋਰਟ ਮਿਲੀ ਕਿ ਇਹ ਹਿੱਲ ਰੋਡ ਦੇ ਨੇੜੇ ਗਲਤ ਦਿਸ਼ਾ ਵਿੱਚ SH1 ‘ਤੇ ਸਫ਼ਰ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਪਲੰਕੇਟ ਰੋਡ ਓਵਰਬ੍ਰਿਜ ਦੇ ਕੋਲ ਇੱਕ ਟਰੱਕ ਨਾਲ ਟਕਰਾਉਣ ਤੋਂ ਪਹਿਲਾਂ SUV ਨੂੰ SH20 ‘ਤੇ ਯਾਤਰਾ ਕਰਦੇ ਦੇਖਿਆ ਗਿਆ ਸੀ।