ਭਾਰਤ ਨੇ ਤੀਜੇ ਟੀ-20 ਮੈਚ ਵਿੱਚ ਵੈਸਟਇੰਡੀਜ਼ ਨੂੰ 7 ਵਿਕਟਾਂ ਨਾਲ ਹਰਾ ਦਿੱਤਾ ਹੈ। ਗੁਆਨਾ ਦੇ ਪ੍ਰੋਵਿਡੈਂਸ ਸਟੇਡੀਅਮ ‘ਚ ਮੰਗਲਵਾਰ 8 ਅਗਸਤ ਨੂੰ ਖੇਡੇ ਗਏ ਇਸ ਮੈਚ ‘ਚ ਟੀਮ ਇੰਡੀਆ ਨੇ ਜਿੱਤ ਦੇ ਰਾਹ ‘ਤੇ ਵਾਪਸੀ ਕੀਤੀ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਵੈਸਟਇੰਡੀਜ਼ ਨੇ 20 ਓਵਰਾਂ ‘ਚ 5 ਵਿਕਟਾਂ ਦੇ ਨੁਕਸਾਨ ‘ਤੇ 159 ਦੌੜਾਂ ਬਣਾਈਆਂ ਸਨ। ਭਾਰਤ ਵੱਲੋਂ ਕੁਲਦੀਪ ਯਾਦਵ ਨੇ 3 ਵਿਕਟਾਂ ਲਈਆਂ। ਇਸ ਦੇ ਜਵਾਬ ‘ਚ ਖਰਾਬ ਸ਼ੁਰੂਆਤ ਦੇ ਬਾਵਜੂਦ ਭਾਰਤ ਨੇ 18ਵੇਂ ਓਵਰ ‘ਚ 3 ਵਿਕਟਾਂ ਗੁਆ ਕੇ ਜਿੱਤ ਹਾਸਿਲ ਕਰ ਲਈ। ਟੀਮ ਇੰਡੀਆ ਲਈ ਸੂਰਿਆਕੁਮਾਰ ਯਾਦਵ ਨੇ 83 ਦੌੜਾਂ ਦੀ ਧਮਾਕੇਦਾਰ ਪਾਰੀ ਖੇਡੀ, ਜਦਕਿ ਤਿਲਕ ਵਰਮਾ ਨੇ ਵੀ 49 ਦੌੜਾਂ ਬਣਾ ਕੇ ਜਿੱਤ ਤੱਕ ਪਹੁੰਚਾਇਆ।
ਟੀ-20 ਸੀਰੀਜ਼ ਦੇ ਪਹਿਲੇ ਦੋ ਮੈਚਾਂ ‘ਚ ਟੀਮ ਇੰਡੀਆ ਦੀ ਬੱਲੇਬਾਜ਼ੀ ਪੂਰੀ ਤਰ੍ਹਾਂ ਫਲਾਪ ਰਹੀ, ਜਿਸ ਕਾਰਨ ਭਾਰਤ ਨੂੰ ਦੋਵੇਂ ਮੈਚਾਂ ‘ਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਕਪਤਾਨ ਹਾਰਦਿਕ ਪਾਂਡਿਆ ਨੇ ਵੀ ਹਾਰ ਤੋਂ ਬਾਅਦ ਕਿਹਾ ਸੀ ਕਿ ਟੀਮ ਦੀ ਬੱਲੇਬਾਜ਼ੀ ਬਿਲਕੁਲ ਵੀ ਚੰਗੀ ਨਹੀਂ ਰਹੀ। ਤੀਜੇ ਮੈਚ ‘ਚ ਸੂਰਿਆਕੁਮਾਰ ਯਾਦਵ ਅਤੇ ਤਿਲਕ ਵਰਮਾ ਨੇ ਆਪਣੇ ਕਪਤਾਨ ਨੂੰ ਨਿਰਾਸ਼ ਨਹੀਂ ਕੀਤਾ ਅਤੇ ਮੁਸ਼ਕਿਲ ਪਿੱਚ ‘ਤੇ ਸ਼ਾਨਦਾਰ ਸਾਂਝੇਦਾਰੀ ਕਰਕੇ ਟੀਮ ਨੂੰ ਜਿੱਤ ਤੱਕ ਪਹੁੰਚਾਇਆ।