[gtranslate]

240 ਮਿੰਟਾਂ ‘ਚ ਭਾਰਤ ਨੂੰ ਮਿਲਿਆ ਦੂਜਾ ਵਿਸ਼ਵ ਚੈਂਪੀਅਨ, ਅਦਿਤੀ ਤੋਂ ਬਾਅਦ ਓਜਸ ਦਾ ਕਮਾਲ, ਜਿੱਤਿਆ ਸੋਨ ਤਗਮਾ, ਦੇਖੋ ਵੀਡੀਓ…

ojas deotale wins gold medal

5 ਅਗਸਤ ਦਾ ਦਿਨ ਭਾਰਤੀ ਤੀਰਅੰਦਾਜ਼ੀ ਦੇ ਇਤਿਹਾਸ ਵਿੱਚ ਸਦਾ ਲਈ ਯਾਦਗਾਰ ਬਣ ਗਿਆ ਹੈ। ਇੱਕ ਅਜਿਹਾ ਦਿਨ, ਜਿਸਦੀ ਭਾਰਤੀ ਤੀਰਅੰਦਾਜ਼ਾਂ ਅਤੇ ਇਸ ਖੇਡ ਦੇ ਪ੍ਰਸ਼ੰਸਕਾਂ ਨੂੰ ਲੰਬੇ ਸਮੇਂ ਤੋਂ ਉਮੀਦ ਸੀ, ਜੋ ਕਈ ਸਾਲਾਂ ਦੀ ਸਖਤ ਮਿਹਨਤ ਤੋਂ ਬਾਅਦ ਵੀ ਭਾਰਤੀ ਖਿਡਾਰੀਆਂ ਦੀ ਕਿਸਮਤ ‘ਚ ਅੱਜ ਤੱਕ ਨਹੀਂ ਸੀ। ਸ਼ਨੀਵਾਰ 5 ਅਗਸਤ ਨੂੰ ਬਰਲਿਨ ‘ਚ ਹੋ ਰਹੀ ਤੀਰਅੰਦਾਜ਼ੀ ਵਿਸ਼ਵ ਚੈਂਪੀਅਨਸ਼ਿਪ ‘ਚ ਭਾਰਤ ਨੇ ਨਾ ਸਿਰਫ ਪਹਿਲੀ ਵਾਰ ਸੋਨ ਤਮਗਾ ਜਿੱਤਿਆ, ਸਗੋਂ ਕੁਝ ਹੀ ਘੰਟਿਆਂ ‘ਚ ਇਸ ਉਪਲੱਬਧੀ ਨੂੰ ਮੁੜ ਦੁਹਰਾਇਆ। ਭਾਰਤ ਦੇ ਤੀਰਅੰਦਾਜ਼ ਓਜਸ ਪ੍ਰਵੀਨ ਦਿਓਤਲੇ ਨੇ ਪੁਰਸ਼ਾਂ ਦੇ ਵਿਅਕਤੀਗਤ ਕੰਪਾਊਂਡ ਮੁਕਾਬਲੇ ਵਿੱਚ ਸੋਨ ਤਗ਼ਮਾ ਜਿੱਤਿਆ ਹੈ। ਅਜਿਹਾ ਕਰਨ ਵਾਲਾ ਉਹ ਭਾਰਤ ਦਾ ਦੂਜਾ ਖਿਡਾਰੀ ਅਤੇ ਪਹਿਲਾ ਪੁਰਸ਼ ਤੀਰਅੰਦਾਜ਼ ਬਣਿਆ ਹੈ।

21 ਸਾਲਾ ਓਜਸ ਨੇ ਸ਼ਨੀਵਾਰ ਨੂੰ ਇਸ ਟੂਰਨਾਮੈਂਟ ਦੇ ਫਾਈਨਲ ‘ਚ ਪੋਲੈਂਡ ਦੇ ਲੁਕਾਸ ਸ਼ਿਬਿਲਸਕੀ ਨੂੰ ਰੋਮਾਂਚਕ ਮੁਕਾਬਲੇ ‘ਚ ਸਿਰਫ ਇੱਕ ਅੰਕ ਨਾਲ ਹਰਾ ਕੇ ਇਤਿਹਾਸਕ ਉਪਲੱਬਧੀ ਹਾਸਿਲ ਕੀਤੀ ਹੈ। ਫਾਈਨਲ ਦੇ ਇਸ ਚਮਤਕਾਰ ਤੋਂ ਪਹਿਲਾਂ ਵੀ ਓਜਸ ਨੇ ਸੈਮੀਫਾਈਨਲ ਵਿੱਚ ਤਬਾਹੀ ਮਚਾ ਦਿੱਤੀ ਸੀ। ਵਿਸ਼ਵ ‘ਚ 34ਵੇਂ ਸਥਾਨ ‘ਤੇ ਕਾਬਜ਼ ਓਜਸ ਨੇ ਖਿਤਾਬ ਦੇ ਦਾਅਵੇਦਾਰ ਅਤੇ ਵਿਸ਼ਵ ਨੰਬਰ 1 ਹਾਲੈਂਡ ਦੇ ਮਾਈਕ ਸ਼ਲੋਏਸਰ ਨੂੰ 149-148 ਨਾਲ ਹਰਾਇਆ ਸੀ।

ਸੰਪੂਰਨ ਸਕੋਰ ਦੇ ਨਾਲ ਓਜਸ ਦਾ ਇਤਿਹਾਸ
ਜੇਕਰ ਟੂਰਨਾਮੈਂਟ ਦੇ ਸਭ ਤੋਂ ਵੱਡੇ ਉਲਟਫੇਰ ਨੂੰ ਅੰਜਾਮ ਦੇਣਾ ਕਾਫ਼ੀ ਨਹੀਂ ਸੀ, ਤਾਂ ਓਜਸ ਨੇ ਫਾਈਨਲ ਲਈ ਆਪਣਾ ਸਰਵੋਤਮ (ਬੈਸਟ) ਬਚਾਅ ਕੇ ਰੱਖਿਆ ਸੀ। ਇਸ ਮੈਚ ‘ਚ ਭਾਰਤ ਅਤੇ ਪੋਲੈਂਡ ਦੇ ਤੀਰਅੰਦਾਜ਼ਾਂ ਨੇ ਕਾਫੀ ਦੇਰ ਤੱਕ ਸਕੋਰ ਨੂੰ ਬਰਾਬਰੀ ‘ਤੇ ਰੱਖਿਆ। ਤੀਰਅੰਦਾਜ਼ੀ ਵਿੱਚ, ਤੁਹਾਨੂੰ ਇੱਕ ਸੰਪੂਰਣ ਸ਼ਾਟ ਲਈ 10 ਅੰਕ ਪ੍ਰਾਪਤ ਹੁੰਦੇ ਹਨ। ਅੰਤ ਵਿੱਚ ਸ਼ਿਬਿਲਸਕੀ ਇੱਕ ਸ਼ਾਟ ਤੋਂ ਖੁੰਝ ਗਿਆ ਅਤੇ ਉਸ ਨੂੰ ਸਿਰਫ 9 ਅੰਕ ਮਿਲੇ। ਇਸ ਤੋਂ ਬਾਅਦ ਵੀ ਆਖਰੀ ਦੌਰ ‘ਚ ਪੋਲਿਸ਼ ਤੀਰਅੰਦਾਜ਼ ਨੇ ਸਾਰੇ ਤੀਰ ਬਿਲਕੁਲ ਨਿਸ਼ਾਨੇ ‘ਤੇ ਚਲਾਏ। ਜਵਾਬ ਵਿੱਚ, ਨੌਜਵਾਨ ਭਾਰਤੀ ਤੀਰਅੰਦਾਜ਼ ਨੇ ਆਪਣੇ ਹਰੇਕ ਤੀਰ ‘ਤੇ ਸੰਪੂਰਨ 10 ਦਾ ਸਕੋਰ ਬਣਾਇਆ ਅਤੇ ਅੰਤ ਵਿੱਚ 150 ਦੇ ਸੰਪੂਰਨ ਸਕੋਰ ਨਾਲ ਵਿਸ਼ਵ ਚੈਂਪੀਅਨ ਬਣ ਗਿਆ।

ਇਹ ਵਿਸ਼ਵ ਚੈਂਪੀਅਨਸ਼ਿਪ ਭਾਰਤ ਲਈ ਸ਼ਾਨਦਾਰ ਸਾਬਿਤ ਹੋਈ ਹੈ। ਇਸ ਤੋਂ ਪਹਿਲਾਂ ਭਾਰਤ ਨੇ ਟੂਰਨਾਮੈਂਟ ਦੇ ਇਤਿਹਾਸ ‘ਚ ਇੱਕ ਵਾਰ ਵੀ ਸੋਨ ਤਮਗਾ ਨਹੀਂ ਜਿੱਤਿਆ ਸੀ ਪਰ ਸਿਰਫ 24 ਘੰਟਿਆਂ ‘ਚ ਭਾਰਤ ਨੇ 3 ਸੋਨ ਤਮਗੇ ਜਿੱਤੇ ਹਨ। ਸ਼ੁੱਕਰਵਾਰ ਨੂੰ ਭਾਰਤ ਨੇ ਮਹਿਲਾ ਕੰਪਾਊਂਡ ਟੀਮ ਈਵੈਂਟ ‘ਚ ਪਹਿਲੀ ਵਾਰ ਸੋਨ ਤਮਗਾ ਜਿੱਤਿਆ। ਫਿਰ ਸ਼ਨੀਵਾਰ ਨੂੰ 17 ਸਾਲਾ ਅਦਿਤੀ ਸਵਾਮੀ ਵਿਅਕਤੀਗਤ ਮੁਕਾਬਲੇ ‘ਚ ਸੋਨ ਤਮਗਾ ਜਿੱਤਣ ਵਾਲੀ ਭਾਰਤ ਦੀ ਪਹਿਲੀ ਤੀਰਅੰਦਾਜ਼ ਬਣ ਗਈ। ਅਦਿਤੀ ਦੀ ਇਸ ਕਾਮਯਾਬੀ ਦੇ 240 ਮਿੰਟਾਂ ਭਾਵ ਕਰੀਬ 4 ਘੰਟੇ ਦੇ ਅੰਦਰ ਓਜਸ ਨੇ ਵੀ ਇਸ ਕਾਮਯਾਬੀ ਨੂੰ ਦੁਹਰਾ ਕੇ ਇਤਿਹਾਸ ਵਿੱਚ ਆਪਣਾ ਨਾਂ ਦਰਜ ਕਰਵਾ ਲਿਆ।

Leave a Reply

Your email address will not be published. Required fields are marked *