ਸ਼ਹੀਦ ਊਧਮ ਸਿੰਘ ਦੇ 84ਵੇਂ ਸ਼ਹੀਦੀ ਦਿਹਾੜੇ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਉਨ੍ਹਾਂ ਦੇ ਜੱਦੀ ਕਸਬਾ ਸੁਨਾਮ ਪੁੱਜੇ ਸਨ। ਇਸ ਦੌਰਾਨ ਕੇਂਦਰ ਸਰਕਾਰ ਤੋਂ ਸ਼ਹੀਦ ਊਧਮ ਸਿੰਘ ਨੂੰ ਕੌਮੀ ਸ਼ਹੀਦ ਦਾ ਦਰਜਾ ਦਵਾਉਣ ਦੇ ਸਵਾਲ ‘ਤੇ ਮਾਨ ਨੇ ਕਿਹਾ ਕਿ ਕੇਂਦਰ ਸਰਕਾਰ ਤੋਂ ਕਿਸੇ ਕਿਸਮ ਦਾ ਸਰਟੀਫਿਕੇਟ ਲੈਣ ਦੀ ਲੋੜ ਨਹੀਂ ਹੈ। ਮਹਾਨ ਸ਼ਹੀਦਾਂ ਨੂੰ ਕੌਮੀ ਸ਼ਹੀਦ ਦਾ ਦਰਜਾ ਦੇਣ ਵਾਲੀ ਕੇਂਦਰ ਸਰਕਾਰ ਕੌਣ ਹੈ। ਦੇਸ਼ ਦੇ 140 ਕਰੋੜ ਦੇਸ਼ ਵਾਸੀ ਅਜਿਹੇ ਮਹਾਨ ਯੋਧਿਆਂ ਨੂੰ ਉੱਚਾ ਦਰਜਾ ਦਿੰਦੇ ਹਨ।
ਮਾਨ ਨੇ ਕਿਹਾ ਕਿ ਜੇਕਰ ਦੇਸ਼ ਦਾ ਸਰਵਉੱਚ ਭਾਰਤ ਰਤਨ ਸ਼ਹੀਦ ਊਧਮ ਸਿੰਘ, ਸ਼ਹੀਦ ਕਰਤਾਰ ਸਿੰਘ ਸਰਾਭਾ, ਸ਼ਹੀਦ-ਏ-ਆਜ਼ਮ ਭਗਤ ਸਿੰਘ ਵਰਗੇ ਯੋਧਿਆਂ ਨੂੰ ਦਿੱਤਾ ਜਾਵੇ ਤਾਂ ਇਸ ਨਾਲ ਭਾਰਤ ਰਤਨ ਦੇ ਮਾਣ-ਸਨਮਾਨ ਵਿੱਚ ਵਾਧਾ ਹੋਵੇਗਾ। ਦੇਸ਼ ਦੇ ਲੋਕਾਂ ਵਿੱਚ ਸ਼ਹੀਦਾਂ ਪ੍ਰਤੀ ਪਹਿਲਾਂ ਹੀ ਬਹੁਤ ਸਤਿਕਾਰ ਹੈ। ਉਨ੍ਹਾਂ ਸਵਾਲੀਆ ਲਹਿਜੇ ਵਿੱਚ ਕਿਹਾ ਕਿ ਕੌਣ ਸ਼ਹੀਦ ਹੈ ਅਤੇ ਕੌਣ ਨਹੀਂ, ਇਹ ਤੈਅ ਕਰਨ ਵਾਲੀ ਕੇਂਦਰ ਸਰਕਾਰ ਕੌਣ ਹੈ। ਕੀ ਅਜਿਹੇ ਮਹਾਨ ਸ਼ਹੀਦਾਂ ਲਈ ਕਿਸੇ ਸਰਕਾਰ ਦੇ ਸਰਟੀਫਿਕੇਟ ਦੀ ਲੋੜ ਪਵੇਗੀ?
ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਸ਼ਹੀਦ ਊਧਮ ਸਿੰਘ ਨੇ 21 ਸਾਲ ਪਹਿਲਾ ਜਲਿਆਂਵਾਲਾ ਬਾਗ ਦੀ ਧਰਤੀ ਦੀ ਖਾਧੀ ਸਹੁੰ ਨੂੰ ਯਾਦ ਕਰਕੇ ਲੰਡਨ ‘ਚ ਆਪਣਾ ਬਦਲਾ ਲਿਆ। ਭਗਵੰਤ ਮਾਨ ਨੇ ਕਿਹਾ ਕਿ ਪਾਕਿਸਤਾਨ ‘ਚ ਸ਼ਹੀਦਾਂ ਦੀਆਂ ਕੁਝ ਨਿਸ਼ਾਨੀਆਂ ਹਨ। ਇਨ੍ਹਾਂ ਵਿਚ ਭਗਤ ਸਿੰਘ ਅਤੇ ਹੋਰ ਸ਼ਹੀਦਾਂ ਦੇ ਫਾਂਸੀ ਦੇ ਰੱਸੇ ਅਤੇ ਕੁਝ ਹੋਰ ਨਿਸ਼ਾਨੀਆਂ ਹਨ, ਪਰ ਪਾਕਿਸਤਾਨ ਵਿਚ ਸਿਆਸੀ ਉਥਲ-ਪੁਥਲ ਜਾਰੀ ਹੈ। ਇਨ੍ਹਾਂ ਸਾਰੇ ਚਿੰਨ੍ਹਾਂ ਨੂੰ ਭਾਰਤ ਲਿਆਉਣ ਦੀ ਕੋਸ਼ਿਸ਼ ਕੀਤੀ ਜਾਵੇਗੀ।