ਆਸਟ੍ਰੇਲੀਆਈ ਫੌਜ ਦੇ ਹੈਲੀਕਾਪਟਰ ਦੇ ਚਾਰ ਮੈਂਬਰ – ਜੋ ਵੱਡੇ ਪੱਧਰ ‘ਤੇ ਫੌਜੀ ਅਭਿਆਸਾਂ ਵਿੱਚ ਹਿੱਸਾ ਲੈ ਰਹੇ ਸਨ, ਜਿਸ ਵਿੱਚ ਨਿਊਜ਼ੀਲੈਂਡ ਦੇ ਸੈਨਿਕ ਵੀ ਸ਼ਾਮਿਲ ਸਨ – ਦੇਰ ਰਾਤ ਹੈਮਿਲਟਨ ਟਾਪੂ ਦੇ ਨੇੜੇ, ਕੁਈਨਜ਼ਲੈਂਡ ਦੇ ਤੱਟ ‘ਤੇ ਹੈਲੀਕਾਪਟਰ ਦੇ ਸਮੁੰਦਰ ਵਿੱਚ ਹਾਦਸਾਗ੍ਰਸਤ ਹੋਣ ਤੋਂ ਬਾਅਦ ਲਾਪਤਾ ਹਨ। ਨਿਊਜ਼ੀਲੈਂਡ ਡਿਫੈਂਸ ਫੋਰਸ ਦਾ ਕਹਿਣਾ ਹੈ ਕਿ ਇਸ ਹਾਦਸੇ ਵਿੱਚ ਨਿਊਜ਼ੀਲੈਂਡ ਦਾ ਕੋਈ ਫੌਜੀ ਸ਼ਾਮਿਲ ਨਹੀਂ ਸੀ। ਆਸਟ੍ਰੇਲੀਆ ਦੇ ਰੱਖਿਆ ਮੰਤਰੀ ਰਿਚਰਡ ਮਾਰਲੇਸ ਨੇ ਕਿਹਾ ਕਿ ਐੱਮ.ਆਰ.ਐੱਚ.90 ਹੈਲੀਕਾਪਟਰ, ਜਿਸ ਨੂੰ ਤਾਈਪਾਨ ਕਿਹਾ ਜਾਂਦਾ ਹੈ, ਦੋ-ਹੈਲੀਕਾਪਟਰ ਸਿਖਲਾਈ ਮਿਸ਼ਨ ‘ਚ ਰੁੱਝਿਆ ਹੋਇਆ ਸੀ ਅਤੇ ਰਾਤ 10.30 ਵਜੇ ਦੇ ਕਰੀਬ ਹਾਦਸਾਗ੍ਰਸਤ ਹੋਣ ਸਮੇ ਇਸ ‘ਚ ਚਾਰ ਚਾਲਕ ਦਲ ਸਵਾਰ ਸਨ।
ਮਾਰਲੇਸ ਨੇ ਕਿਹਾ ਕਿ ਦੂਜੇ ਹੈਲੀਕਾਪਟਰ ਨੇ ਤੁਰੰਤ ਖੋਜ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ, ਜੋ ਅੱਜ ਵੀ ਜਾਰੀ ਹੈ। ਹੈਲੀਕਾਪਟਰ Talisman Sabre ਦੇ ਅਭਿਆਸ ਵਿਚ ਹਿੱਸਾ ਲੈ ਰਿਹਾ ਸੀ, ਜਿਸ ਨੂੰ ਹਾਦਸੇ ਦੇ ਮੱਦੇਨਜ਼ਰ ਰੋਕ ਦਿੱਤਾ ਗਿਆ ਹੈ। ਮਾਰਲੇਸ ਨੇ ਕਿਹਾ ਕਿ ਚਾਲਕ ਦਲ ਦੇ ਮੈਂਬਰਾਂ ਦੇ ਪਰਿਵਾਰਾਂ ਨੂੰ ਸੂਚਿਤ ਕਰ ਦਿੱਤਾ ਗਿਆ ਸੀ।