ਵੈਸਟ ਆਕਲੈਂਡ ਦੇ ਸਕੂਲਾਂ ਨਾਲ ਜੁੜੀ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ। ਦਰਅਸਲ ਵੈਸਟ ਆਕਲੈਂਡ ਦੇ ਚਾਰ ਸਕੂਲਾਂ ‘ਚ “ਧਮਕੀ” ਵਾਲੀ ਫੋਨ ਕਾਲ ਤੋਂ ਬਾਅਦ ਲੌਕਡਾਊਨ ਲਗਾਇਆ ਗਿਆ ਹੈ ਜਿਸ ਵਿੱਚ ਕਿਹਾ ਗਿਆ ਸੀ ਕਿ ਇੱਕ ਹਥਿਆਰਬੰਦ ਵਿਅਕਤੀ ਸਕੂਲ ਵਿੱਚ ਜਾ ਰਿਹਾ ਸੀ। ਰਦਰਫੋਰਡ ਕਾਲਜ, ਟੇ ਅਟਾਟੂ ਇੰਟਰਮੀਡੀਏਟ, ਮੈਟੀਪੋ ਪ੍ਰਾਇਮਰੀ ਅਤੇ ਰਦਰਫੋਰਡ ਪ੍ਰਾਇਮਰੀ ਟੇ ਅਟਾਟੂ ਪ੍ਰਾਇਦੀਪ ਉੱਤੇ ਇੱਕ ਦੂਜੇ ਦੇ ਨੇੜੇ ਸਥਿਤ ਹਨ। ਦੁਪਹਿਰ 1 ਵਜੇ ਤੋਂ ਠੀਕ ਪਹਿਲਾਂ ਜਾਰੀ ਕੀਤੇ ਗਏ ਇੱਕ ਬਿਆਨ ਵਿੱਚ, ਰਦਰਫੋਰਡ ਕਾਲਜ ਨੇ ਵਿਸਥਾਰ ਵਿੱਚ ਦੱਸਿਆ ਕਿ ਤਾਲਾਬੰਦੀ ਦਾ ਕਾਰਨ ਕੀ ਹੈ।
ਬਿਆਨ ‘ਚ ਦੱਸਿਆ ਗਿਆ ਹੈ ਕਿ, “ਸਵੇਰੇ 11.22 ਵਜੇ ਰਦਰਫੋਰਡ ਕਾਲਜ ਨੂੰ ਇੱਕ ਧਮਕੀ ਭਰੀ ਇੱਕ ਗੁਮਨਾਮ ਫੋਨ ਕਾਲ ਆਈ ਜਿਸ ਵਿੱਚ ਸਾਨੂੰ ਦੱਸਿਆ ਗਿਆ ਕਿ ਇੱਕ ਹਥਿਆਰਬੰਦ ਵਿਅਕਤੀ ਸਕੂਲ ਦੇ ਮੈਦਾਨ ਵਿੱਚ ਜਲਦੀ ਹੀ ਹੋਵੇਗਾ।” “ਰਦਰਫੋਰਡ ਨੇ ਉਸੇ ਸਮੇਂ ਨਿਊਜ਼ੀਲੈਂਡ ਪੁਲਿਸ ਨੂੰ ਖਤਰੇ ਬਾਰੇ ਸੂਚਿਤ ਕਰਦੇ ਹੋਏ ਸਕੂਲ ਨੂੰ ਤੁਰੰਤ ਤਾਲਾਬੰਦ ਕਰ ਦਿੱਤਾ।” ਹੁਣ ਰਦਰਫੋਰਡ ਸਕੂਲ ਦੇ ਬਾਹਰ ਹਥਿਆਰਬੰਦ ਪੁਲਿਸ ਸੁਰੱਖਿਆ ਪ੍ਰਦਾਨ ਕਰ ਰਹੀ ਹੈ। ਮਾਪਿਆਂ ਅਤੇ ਲੋਕਾਂ ਨੂੰ ਸਕੂਲਾਂ ਤੋਂ ਦੂਰ ਰਹਿਣ ਲਈ ਕਿਹਾ ਗਿਆ ਹੈ, ਪਰ ਕੁਝ ਮਾਪੇ ਆਪਣੇ ਬੱਚਿਆਂ ਦੇ ਸਕੂਲ ਜਾਣ ਬਾਰੇ ਚਿੰਤਤ ਹਨ।