ਮੰਗਲਵਾਰ ਨੂੰ ਹੜ੍ਹਾਂ ਦੀ ਸਥਿਤੀ ਦੇ ਮੱਦੇਨਜ਼ਰ ਪਟਿਆਲਾ ਦੇ ਸ਼ਾਹੀ ਪਰਿਵਾਰ ਵੱਲੋਂ ਲੋਕਾਂ ਨਾਲ ਮਿਲ ਕੇ ਵੱਡੀ ਨਦੀ ਵਿੱਚ ਚੂੜਾ ਅਤੇ ਨੱਥ ਚੜ੍ਹਾਉਣ ਦੀ ਰਸਮ ਅਦਾ ਕੀਤੀ ਗਈ ਸੀ। ਇਸ ਪਰੰਪਰਾ ਦੀ ਪਾਲਣਾ ਸ਼ਾਹੀ ਪਰਿਵਾਰ ਵੱਲੋਂ ਕੀਤੀ ਜਾਂਦੀ ਆ ਰਹੀ ਹੈ। ਮੰਗਲਵਾਰ ਨੂੰ ਇਹ ਰਸਮ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਸੰਸਦ ਮੈਂਬਰ ਪ੍ਰਨੀਤ ਕੌਰ ਅਤੇ ਉਨ੍ਹਾਂ ਦੀ ਬੇਟੀ ਜੈ ਇੰਦਰ ਕੌਰ ਵੱਲੋਂ ਨਿਭਾਈ ਗਈ ਸੀ। ਇਸ ਦੌਰਾਨ ਸ਼ਾਹੀ ਪਰਿਵਾਰ ਦੇ ਰਾਜ ਪੁਰੋਹਿਤ ਵੀ ਮੌਜੂਦ ਰਹੇ।
ਦੱਸ ਦੇਈਏ ਕਿ ਰੀਤ ਚੱਲੀ ਆ ਰਹੀ ਹੈ ਕਿ ਜਦੋਂ ਵੱਡੀ ਨਦੀ ਵਿੱਚ ਪਾਣੀ ਚੜ੍ਹ ਜਾਂਦਾ ਹੈ ਤਾਂ ਸ਼ਾਹੀ ਪਰਿਵਾਰ ਦੀ ਤਰਫੋਂ ਨਦੀ ਵਿੱਚ ਨੱਥ ਚੂੜਾ ਚੜ੍ਹਾਇਆ ਜਾਂਦਾ ਹੈ। ਇਹ ਮੰਨਿਆ ਜਾਂਦਾ ਹੈ ਕਿ ਇਹ ਰਸਮ ਅਦਾ ਕਰਨ ਤੋਂ ਬਾਅਦ ਪਾਣੀ ਉਤਰਨ ਲੱਗ ਜਾਂਦਾ ਹੈ। ਪਰ ਦੁਪਹਿਰ ਤੋਂ ਬਾਅਦ ਜਦੋਂ ਨਦੀ ਦਾ ਪਾਣੀ ਘਟਨਾ ਸ਼ੁਰੂ ਹੋਇਆ ਤਾਂ ਸੋਸ਼ਲ ਮੀਡੀਆ ਉਤੇ ਇਸ ਗੱਲ ਦੇ ਦਾਅਵੇ ਹੋਣ ਲੱਗੇ ਨੱਥਾ-ਚੂੜਾ ਚੜ੍ਹਾਉਣ ਕਾਰਨ ਅਜਿਹਾ ਹੋਇਆ ਹੈ। ਦੱਸ ਦਈਏ ਕਿ ਪਟਿਆਲਾ ਨਦੀ ਵਿੱਚ ਦੋ ਦਿਨਾਂ ਤੋਂ ਪਾਣੀ ਦਾ ਪੱਧਰ ਲਗਾਤਾਰ ਵਧਦਾ ਆ ਰਿਹਾ ਸੀ, ਪਰ ਕੱਲ੍ਹ ਇਹ ਪਾਣੀ ਘਟਣਾ ਸ਼ੁਰੂ ਹੋ ਗਿਆ।
ਇਸ ਨਦੀ ਵਿਚ ਖਤਰੇ ਦਾ ਨਿਸ਼ਾਨ 10 ਫੁੱਟ ਉਤੇ ਹੈ ਪਰ ਇਥੇ ਪਾਣੀ ਕਈ ਫੁੱਟ ਉਪਰ ਚੱਲਦਾ ਰਿਹਾ ਸੀ। ਸਰਕਾਰੀ ਰਿਪੋਰਟਾਂ ਉਤੇ ਝਾਤ ਮਾਰੀਏ ਤਾਂ ਕੱਲ੍ਹ ਦੁਪਹਿਰੇ ਦੋ ਵਜੇ ਇਸ ਨਦੀ ਵਿਚ 17 ਫੁੱਟ ਪਾਣੀ ਸੀ, ਜੋ ਚਾਰ ਵਜੇ 16.80 ਫੁੱਟ ਅਤੇ ਸ਼ਾਮੀ ਛੇ ਵਜੇ 16.50 ਫੁੱਟ ਹੀ ਰਹਿ ਗਿਆ। ਸ਼ਾਹੀ ਪਰਿਵਾਰ ਦੇ ਸਮਰਥਕ ਇਨ੍ਹਾਂ ਅੰਕੜਿਆਂ ਨੂੰ ਨੱਥ ਚੂੜਾ ਚੜ੍ਹਾਏ ਜਾਣ ਦੀ ਰਸਮ ਨਾਲ ਜੋੜ ਕੇ ਪ੍ਰਚਾਰ ਰਹੇ ਹਨ।
ਇਸ ਰਸਮ ‘ਚ ਕੀ ਕੀਤਾ ਜਾਂਦਾ ਹੈ……
ਸ਼ਹਿਰ ਵਿੱਚ ਸੰਕਟ ਨੂੰ ਟਾਲਣ ਲਈ ਸ਼ਾਹੀ ਪਰਿਵਾਰ ਹਮੇਸ਼ਾ ਤੋਂ ਇਸ ਪੁਰਾਤਨ ਪਰੰਪਰਾ ਦੀ ਪਾਲਣਾ ਕਰਦਾ ਆ ਰਿਹਾ ਹੈ। ਜਿਸ ਅਨੁਸਾਰ ਸ਼ਾਹੀ ਪਰਿਵਾਰ ਦੇ ਮੈਂਬਰ ਸੋਨੇ ਦੀ ਨੱਥ ਅਤੇ ਚੂੜਾ ਹੜ੍ਹ ਪ੍ਰਭਾਵਿਤ ਨਦੀ ਨੂੰ ਚੜ੍ਹਾ ਕੇ ਆਉਂਦੇ ਹਨ। ਪਟਿਆਲਾ ਦੇ ਵਸਨੀਕਾਂ ਮੁਤਾਬਿਕ ਹੜ੍ਹ ਪ੍ਰਭਾਵਿਤ ਨਦੀ ਨੂੰ ਸ਼ਾਂਤ ਕਰਨ ਲਈ ਪ੍ਰਾਰਥਨਾ ਵੀ ਕੀਤੀ ਜਾਂਦੀ ਹੈ। ਹੜ੍ਹਾਂ ਦੀ ਭਿਆਨਕ ਸਥਿਤੀ ਦੇ ਮੱਦੇਨਜ਼ਰ ਇਸ ਵਾਰੀ ਪਟਿਆਲਾ ਰਾਜ ਪਰਿਵਾਰ ਦੀ ਰਾਣੀ ਪ੍ਰਨੀਤ ਕੌਰ ਅਤੇ ਉਨ੍ਹਾਂ ਦੀ ਧੀ ਨੇ ਇਹ ਰਸਮ ਨਿਭਾਈ।