[gtranslate]

ਪੰਜਾਬ ‘ਚ ਆਫ਼ਤ ਬਣਿਆ ਮੀਂਹ ! ਮੋਹਾਲੀ ‘ਚ ਬੁਲਾਉਣੀ ਪਈ ਫੌਜ, ਕੇਂਦਰੀ ਗ੍ਰਹਿ ਮੰਤਰੀ ਨੇ CM ਮਾਨ ਨਾਲ ਕੀਤੀ ਗੱਲ !

flood like situation in punjab

ਪੰਜਾਬ ਅਤੇ ਚੰਡੀਗੜ੍ਹ ਵਿੱਚ ਮੀਂਹ ਨੇ ਰਿਕਾਰਡ ਤੋੜ ਦਿੱਤੇ ਹਨ। ਸ਼ਨੀਵਾਰ ਸਵੇਰੇ ਸ਼ੁਰੂ ਹੋਇਆ ਮੀਂਹ ਐਤਵਾਰ ਸ਼ਾਮ ਤੱਕ ਜਾਰੀ ਰਿਹਾ। ਪੰਜਾਬ ‘ਚ ਸ਼ਨੀਵਾਰ ਰਾਤ ਅਤੇ ਐਤਵਾਰ ਨੂੰ 57.5 ਮਿਲੀਮੀਟਰ ਬਾਰਿਸ਼ ਹੋਈ, ਜੋ ਕਿ 4.6 ਮਿਲੀਮੀਟਰ ਦੇ ਆਮ ਨਾਲੋਂ 1151 ਫੀਸਦੀ ਜ਼ਿਆਦਾ ਹੈ। ਇਸ ਦੇ ਨਾਲ ਹੀ ਚੰਡੀਗੜ੍ਹ ਵਿੱਚ 24 ਘੰਟਿਆਂ ਵਿੱਚ 322 ਮਿਲੀਮੀਟਰ ਮੀਂਹ ਰਿਕਾਰਡ ਕੀਤਾ ਗਿਆ। ਸੋਮਵਾਰ ਸਵੇਰ ਤੋਂ ਵੀ ਭਾਰੀ ਮੀਂਹ ਪੈ ਰਿਹਾ ਹੈ। 9 ਜੁਲਾਈ ਨੂੰ 290.9 ਮਿਲੀਮੀਟਰ ਮੀਂਹ ਪਿਆ ਸੀ, ਜੋ ਆਮ ਨਾਲੋਂ 6826 ਫੀਸਦੀ ਵੱਧ ਹੈ। ਭਾਰੀ ਮੀਂਹ ਕਾਰਨ ਮੁਹਾਲੀ ਸਮੇਤ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਹੜ੍ਹ ਵਰਗੀ ਸਥਿਤੀ ਬਣ ਗਈ ਹੈ। ਸੂਬੇ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ।

ਕਈ ਜ਼ਿਲ੍ਹਿਆਂ ਵਿੱਚ ਹੜ੍ਹ ਵਰਗੀ ਸਥਿਤੀ ਬਣੀ ਹੋਈ ਹੈ। ਦਰਜਨਾਂ ਪਿੰਡਾਂ ਵਿੱਚ ਬਚਾਅ ਕਾਰਜ ਜਾਰੀ ਹਨ। ਪਟਿਆਲਾ ਦੀਆਂ ਛੋਟੀਆਂ ਅਤੇ ਵੱਡੀਆਂ ਦੋਵੇਂ ਨਦੀਆਂ ਖ਼ਤਰੇ ਦੇ ਨਿਸ਼ਾਨ ਦੇ ਨੇੜੇ ਪਹੁੰਚ ਗਈਆਂ ਹਨ। ਪ੍ਰਸ਼ਾਸਨ ਨੇ ਹੜ੍ਹ ਦਾ ਅਲਰਟ ਜਾਰੀ ਕਰ ਦਿੱਤਾ ਹੈ ਅਤੇ ਨੀਵੇਂ ਇਲਾਕਿਆਂ ‘ਚ ਸਥਿਤ ਘਰਾਂ ਨੂੰ ਖਾਲੀ ਕਰਵਾ ਲਿਆ ਹੈ। ਜਦਕਿ ਮੋਹਾਲੀ ‘ਚ ਸਥਿਤੀ ‘ਤੇ ਕਾਬੂ ਪਾਉਣ ਲਈ ਫੌਜ ਨੂੰ ਬੁਲਾਇਆ ਗਿਆ ਹੈ।

ਮੁਹਾਲੀ ਦੇ ਡੇਰਾਬੱਸੀ ਵਿੱਚ ਗੁਲਮੋਹਰ ਹਾਊਸਿੰਗ ਸੁਸਾਇਟੀ ਵਿੱਚ ਪਾਣੀ ਭਰ ਜਾਣ ਕਾਰਨ ਲੋਕਾਂ ਨੂੰ ਕੱਢਣ ਲਈ ਕਿਸ਼ਤੀਆਂ ਮੰਗਵਾਉਣੀਆਂ ਪਈਆਂ ਸਨ। ਰੋਪੜ, ਨਵਾਂਸ਼ਹਿਰ, ਫਿਰੋਜ਼ਪੁਰ, ਪਟਿਆਲਾ, ਫਤਿਹਗੜ੍ਹ ਸਾਹਿਬ ਅਤੇ ਮੋਹਾਲੀ ਦੇ ਸਾਰੇ ਪ੍ਰਾਈਵੇਟ ਅਤੇ ਸਰਕਾਰੀ ਸਕੂਲਾਂ ਵਿੱਚ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਚੰਡੀਗੜ੍ਹ ਵਿੱਚ ਸੁਖਨਾ ਝੀਲ ਦੇ ਦੋਵੇਂ ਫਲੱਡ ਗੇਟ ਖੋਲ੍ਹਣੇ ਪਏ ਹਨ।

ਪੰਜਾਬ ‘ਚ ਸੋਮਵਾਰ ਨੂੰ ਵੀ ਭਾਰੀ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ। ਇਸ ਦੌਰਾਨ ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਪੰਜ ਉਡਾਣਾਂ ਰੱਦ ਕਰਨੀਆਂ ਪਈਆਂ ਹਨ। ਰੋਪੜ-ਨੰਗਲ ਰੇਲ ਮਾਰਗ ਹੜ੍ਹਾਂ ਕਾਰਨ ਉਖੜ ਗਿਆ ਹੈ। ਫਿਰੋਜ਼ਪੁਰ ਵਿੱਚ ਵੀ ਟ੍ਰੈਕ ਪਾਣੀ ਵਿੱਚ ਡੁੱਬਣ ਕਾਰਨ ਰੇਲ ਗੱਡੀਆਂ ਦੀ ਆਵਾਜਾਈ ਪ੍ਰਭਾਵਿਤ ਹੋਈ ਹੈ। ਭਾਰਤ-ਪਾਕਿ ਸਰਹੱਦ ਦੀ ਕੰਡਿਆਲੀ ਤਾਰ ਵੀ ਪਾਣੀ ਕਾਰਨ ਪ੍ਰਭਾਵਿਤ ਹੋਈ ਹੈ। ਫਤਿਹਗੜ੍ਹ ਦੇ ਰੇਲਵੇ ਕੁਆਟਰ ਪਾਣੀ ਨਾਲ ਭਰੇ ਹੋਏ ਹਨ। ਹੁਸ਼ਿਆਰਪੁਰ ‘ਚ ਵੀ ਪ੍ਰਸ਼ਾਸਨ ਨੇ ਹੜ੍ਹਾਂ ਦਾ ਅਲਰਟ ਜਾਰੀ ਕਰ ਦਿੱਤਾ ਹੈ। ਮੋਗਾ ਵਿੱਚ ਮੋਗਾ-ਜਲੰਧਰ ਸੜਕ ਦਾ ਇੱਕ ਹਿੱਸਾ ਰੁੜ ਗਿਆ ਹੈ। ਦਰਿਆਵਾਂ ਅਤੇ ਨਹਿਰਾਂ ਦੇ ਕੰਢੇ ਰਹਿਣ ਵਾਲੇ ਲੋਕਾਂ ਨੂੰ ਚੌਕਸ ਕਰ ਦਿੱਤਾ ਗਿਆ ਹੈ।

ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਸਾਰੇ ਮੰਤਰੀਆਂ, ਵਿਧਾਇਕਾਂ, ਡੀਸੀ ਅਤੇ ਐਸਐਸਪੀ ਅਤੇ ਸਾਰੇ ਅਧਿਕਾਰੀਆਂ ਨੂੰ ਜਨਤਾ ਵਿੱਚ ਜਾਣ ਦੇ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਲੋਕਾਂ ਨੂੰ ਤੁਰੰਤ ਰਾਹਤ ਦੇਣ ਲਈ ਕਿਹਾ ਹੈ। ਪੁਲਿਸ ਅਤੇ ਐਨਡੀਆਰਐਫ ਦੀਆਂ ਟੀਮਾਂ ਵੀ ਤਾਇਨਾਤ ਕੀਤੀਆਂ ਗਈਆਂ ਹਨ। ਇਸ ਤੋਂ ਇਲਾਵਾ ਫੂਡ ਸਪਲਾਈ ਵਿਭਾਗ ਨੂੰ ਵੀ ਖਾਣੇ ਦੇ ਪੈਕੇਟ ਤਿਆਰ ਕਰਨ ਲਈ ਕਿਹਾ ਗਿਆ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀਆਂ ਨਾਲ ਗੱਲ ਕੀਤੀ ਹੈ ਅਤੇ ਭਾਰੀ ਮੀਂਹ ਕਾਰਨ ਹੋਏ ਨੁਕਸਾਨ ਬਾਰੇ ਜਾਣਕਾਰੀ ਲਈ। ਉਨ੍ਹਾਂ ਦੋਵਾਂ ਰਾਜਾਂ ਨੂੰ ਹਰ ਸੰਭਵ ਮਦਦ ਦਾ ਭਰੋਸਾ ਵੀ ਦਿੱਤਾ ਹੈ।

Leave a Reply

Your email address will not be published. Required fields are marked *