ਬੀਤੀ 8 ਅਗਸਤ ਨੂੰ ਟੋਕੀਓ ਵਿੱਚ ਖੇਡਾਂ ਦੇ ਮਹਾਂਕੁੰਭ ਯਾਨੀ ਕਿ ਓਲੰਪਿਕਸ ਦੀ ਸਮਾਪਤੀ ਹੋਈ ਹੈ, ਇਸ ਵਾਰ ਓਲੰਪਿਕਸ ਵਿੱਚ ਭਾਰਤ ਦਾ ਪ੍ਰਦਰਸ਼ਨ ਵੀ ਕਾਫੀ ਚੰਗਾ ਰਿਹਾ ਹੈ। ਭਾਰਤ ਨੇ 121 ਸਾਲਾਂ ਵਿੱਚ ਪਹਿਲੀ ਵਾਰ ਐਥਲੈਟਿਕਸ ਵਿੱਚ ਸੋਨ ਤਮਗਾ ਜਿੱਤਿਆ ਹੈ। ਟੋਕੀਓ ਓਲੰਪਿਕ 2020 ਵਿੱਚ ਭਾਰਤ ਲਈ ਸੋਨ ਤਮਗਾ ਜਿੱਤਣ ਵਾਲੇ ਨੀਰਜ ਚੋਪੜਾ ਅੱਜ ਕਰੋੜਾਂ ਲੋਕਾਂ ਲਈ ਪ੍ਰੇਰਣਾ ਬਣ ਗਏ ਹਨ। ਨੀਰਜ ਨੇ ਜੈਵਲਿਨ ਥ੍ਰੋ ਵਿੱਚ ਸੋਨ ਤਗਮਾ ਜਿੱਤਿਆ ਹੈ, ਉਦੋਂ ਤੋਂ ਹੀ ਉਸਦੀ ਜਿੱਤ ਦੀ ਚਰਚਾ ਹੋ ਰਹੀ ਹੈ। ਸਿਰਫ ਆਮ ਲੋਕ ਹੀ ਨਹੀਂ ਬਲਕਿ ਮਸ਼ਹੂਰ ਲੋਕ ਵੀ ਨੀਰਜ ‘ਤੇ ਮਾਣ ਕਰਦੇ ਨਹੀਂ ਥੱਕਦੇ।
ਟੋਕਿਓ ਓਲੰਪਿਕ ‘ਚ ਨੀਰਜ ਚੋਪੜਾ ਦੇ ਗੋਲਡ ਜਿੱਤਣ ਮਗਰੋਂ ਦੇਸ਼ ਦੇ ਵੱਖ-ਵੱਖ ਲੀਡਰ ਨੀਰਜ ਚੋਪੜਾ ਦੇ ਪਿੰਡ ਪਹੁੰਚ ਕੇ ਉਸ ਦੇ ਪਰਿਵਾਰ ਨੂੰ ਵਧਾਈ ਦੇ ਰਹੇ ਹਨ। ਇਸੇ ਵਿਚਕਾਰ ਸ਼ੁੱਕਰਵਾਰ ਨੂੰ ਕਿਸਾਨ ਆਗੂ ਰਾਕੇਸ਼ ਟਿਕੈਤ ਵੀ ਨੀਰਜ ਚੋਪੜਾ ਦੇ ਘਰ ਉਨ੍ਹਾਂ ਨੂੰ ਵਧਾਈ ਦੇਣ ਪਹੁੰਚੇ। ਟਿਕੈਤ ਨੇ ਨੀਰਜ ਦੀ ਸਫ਼ਲਤਾ ਤੇ ਉਨ੍ਹਾਂ ਦੇ ਪਰਿਵਾਰ ਨੂੰ ਸਨਮਾਨਿਤ ਕੀਤਾ। ਟਿਕੈਤ ਨੇ ਕਿਹਾ, ‘ਨੀਰਜ ਦੇਸ਼ ਲਈ ਚੰਗਾ ਖੇਡਿਆ ਹੈ ਤੇ ਦੇਸ਼ ਦਾ ਮਾਣ ਹੈ। ਇਸ ਲਈ ਉਹ ਨੀਰਜ ਦੇ ਪਰਿਵਾਰ, ਪਿੰਡ ਨੂੰ ਪੂਰੇ ਪਾਨੀਪਤ ਨੂੰ ਵਧਾਈ ਦੇਣਗੇ। ਉਨ੍ਹਾਂ ਕਿਹਾ ਨੌਜਵਾਨਾਂ ਨੂੰ ਨੀਰਜ ਤੋਂ ਸਿੱਖਿਆ ਲੈਣੀ ਚਾਹੀਦੀ ਹੈ। ਜਦੋਂ ਨੀਰਜ ਪਿੰਡ ‘ਚ ਦਾਖਲ ਹੋਵੇ ਤਾਂ ਜ਼ੋਰ-ਸ਼ੋਰ ਤੇ ਢੋਲ ਨਗਾਰਿਆਂ ਨਾਲ ਉਨ੍ਹਾਂ ਦਾ ਸੁਆਗਤ ਕਰਨਾ ਚਾਹੀਦਾ ਹੈ।’ ਰਾਕੇਸ਼ ਟਿਕੈਤ ਨੇ ਕਿਹਾ ਪਿੰਡ ਦੇ ਬੱਚਿਆਂ ਨੂੰ ਚੰਗੀ ਟ੍ਰੇਨਿੰਗ ਦਿੱਤੀ ਜਾਵੇ ਤਾਂ ਉਹ ਚੰਗਾ ਖੇਡ ਸਕਦੇ ਹਨ।