ਫਿਲਮ ਅਦਾਕਾਰਾ ਕਾਜੋਲ ਨੇ ਹੁਣ ਸਿਆਸਤਦਾਨਾਂ ‘ਤੇ ਦਿੱਤੇ ਆਪਣੇ ਬਿਆਨ ‘ਤੇ ਸਫਾਈ ਦਿੱਤੀ ਹੈ। ਇਕ ਇੰਟਰਵਿਊ ਦੌਰਾਨ ਕਾਜੋਲ ਨੇ ਸਿਆਸਤਦਾਨਾਂ ਦੀ ਅਨਪੜ੍ਹਤਾ ਅਤੇ ਉਨ੍ਹਾਂ ਦੇ ਵਿਜ਼ਨ ‘ਤੇ ਸਵਾਲ ਚੁੱਕੇ ਸਨ। ਹਾਲਾਂਕਿ, ਹੁਣ ਕਾਜੋਲ ਨੇ ਸਪੱਸ਼ਟ ਕੀਤਾ ਹੈ ਕਿ ਉਨ੍ਹਾਂ ਦਾ ਇਰਾਦਾ ਕਿਸੇ ਰਾਜਨੇਤਾ ਦਾ ਅਪਮਾਨ ਕਰਨਾ ਨਹੀਂ ਸੀ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਸਾਡੇ ਦੇਸ਼ ‘ਚ ਹੁਸ਼ਿਆਰ ਸਿਆਸਤਦਾਨ ਹਨ ਜੋ ਦੇਸ਼ ਨੂੰ ਸਹੀ ਰਸਤੇ ‘ਤੇ ਚਲਾ ਰਹੇ ਹਨ। ਵਿਵਾਦ ਵਧਣ ‘ਤੇ ਕਾਜੋਲ ਨੇ ਸ਼ਨੀਵਾਰ ਨੂੰ ਟਵੀਟ ਕੀਤਾ, ”ਮੈਂ ਸਿਰਫ ਸਿੱਖਿਆ ਅਤੇ ਇਸ ਦੇ ਮਹੱਤਵ ਬਾਰੇ ਗੱਲ ਕਰ ਰਹੀ ਸੀ। ਮੇਰਾ ਮਕਸਦ ਕਿਸੇ ਵੀ ਸਿਆਸਤਦਾਨ ਦਾ ਅਪਮਾਨ ਕਰਨਾ ਨਹੀਂ ਸੀ। ਸਾਡੇ ਕੋਲ ਕੁਝ ਹੁਸ਼ਿਆਰ ਸਿਆਸਤਦਾਨ ਹਨ ਜੋ ਸਾਡੇ ਦੇਸ਼ ਨੂੰ ਸਹੀ ਦਿਸ਼ਾ ਵੱਲ ਲੈ ਜਾ ਰਹੇ ਹਨ।”
ਇਕ ਵੈੱਬਸਾਈਟ ਨੂੰ ਦਿੱਤੇ ਇੰਟਰਵਿਊ ‘ਚ ਕਾਜੋਲ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਸੀ ਕਿ ਦੇਸ਼ ਦੇ ਵਿਕਾਸ ਲਈ ਸਿੱਖਿਅਤ ਨੇਤਾਵਾਂ ਦਾ ਹੋਣਾ ਜ਼ਰੂਰੀ ਹੈ। ਉਨ੍ਹਾਂ ਨੇ ਕਿਹਾ ਸੀ, “ਬਦਲਾਅ ਬਹੁਤ ਹੌਲੀ ਹੈ, ਖਾਸ ਕਰਕੇ ਸਾਡੇ ਭਾਰਤ ਵਰਗੇ ਦੇਸ਼ ਵਿੱਚ। ਇਹ ਬਹੁਤ ਹੌਲੀ-ਹੌਲੀ ਹੋ ਰਿਹਾ ਹੈ ਕਿਉਂਕਿ ਅਸੀਂ ਆਪਣੀਆਂ ਪਰੰਪਰਾਵਾਂ ਅਤੇ ਵਿਚਾਰ ਪ੍ਰਕਿਰਿਆ ਵਿੱਚ ਫਸੇ ਹੋਏ ਹਾਂ ਅਤੇ ਹਾਂ ਇਸਦਾ ਸਬੰਧ ਸਿੱਖਿਆ ਨਾਲ ਹੈ।”
ਕਾਜੋਲ ਨੇ ਕਿਹਾ ਕਿ ਤੁਹਾਡੇ ਕੋਲ ਅਜਿਹੇ ਸਿਆਸਤਦਾਨ ਹਨ ਜਿਨ੍ਹਾਂ ਦਾ ਸਿੱਖਿਆ ਪ੍ਰਣਾਲੀ ਦਾ ਪਿਛੋਕੜ ਨਹੀਂ ਹੈ। ਮਾਫ਼ ਕਰਨਾ ਪਰ ਮੈਂ ਅਜਿਹਾ ਕਹਾਂਗੀ ਉਨ੍ਹਾਂ ਨੇ ਕਿਹਾ, “ਮੈਂ ਅਜਿਹੇ ਨੇਤਾਵਾਂ ਦੇ ਅਧੀਨ ਰਹਿੰਦੀ ਹਾਂ, ਜਿਨ੍ਹਾਂ ਵਿੱਚੋਂ ਬਹੁਤਿਆਂ ਕੋਲ ਦ੍ਰਿਸ਼ਟੀਕੋਣ ਨਹੀਂ ਹੈ, ਜੋ ਮੈਨੂੰ ਲੱਗਦਾ ਹੈ ਕਿ ਸਿੱਖਿਆ ਤੁਹਾਡੇ ਅੰਦਰ ਪੈਦਾ ਕਰਦੀ ਹੈ, ਘੱਟੋ ਘੱਟ ਸਿੱਖਿਆ ਵੱਖੋ-ਵੱਖਰੇ ਦ੍ਰਿਸ਼ਟੀਕੋਣਾਂ ਨੂੰ ਦੇਖਣ ਦਾ ਮੌਕਾ ਦਿੰਦੀ ਹੈ।” ਦੱਸ ਦੇਈਏ ਕਿ ਇਨ੍ਹੀਂ ਦਿਨੀਂ ਕਾਜੋਲ ਆਪਣੀ ਅਗਲੀ ਵੈੱਬ ਸੀਰੀਜ਼ ‘ਦ ਟ੍ਰਾਇਲ’ ਦੇ ਪ੍ਰਮੋਸ਼ਨ ‘ਚ ਰੁੱਝੀ ਹੋਈ ਹੈ। ਇਹ ਸੀਰੀਜ਼ ਅਮਰੀਕੀ ਸ਼ੋਅ ਦ ਗੁੱਡ ਵਾਈਫ ਦਾ ਹਿੰਦੀ ਰੂਪਾਂਤਰ ਹੈ। ਹਾਲ ਹੀ ‘ਚ ਉਨ੍ਹਾਂ ਦੀ ਫਿਲਮ ਲਸਟ ਸਟੋਰੀਜ਼ ਵੀ ਰਿਲੀਜ਼ ਹੋਈ ਹੈ।