ਬੰਗਲਾਦੇਸ਼ ਕ੍ਰਿਕਟ ਬੋਰਡ ‘ਚ ਕਪਤਾਨੀ ਨਾਲ ਜੁੜਿਆ ਡਰਾਮਾ ਇੱਕ ਵਾਰ ਫਿਰ ਨਵੇਂ ਪੱਧਰ ‘ਤੇ ਪਹੁੰਚ ਗਿਆ ਹੈ। ਇੱਕ ਦਿਨ ਪਹਿਲਾਂ ਹੀ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਵਾਲੇ ਬੰਗਲਾਦੇਸ਼ ਦੇ ਵਨਡੇ ਕਪਤਾਨ ਤਮੀਮ ਇਕਬਾਲ ਨੇ 24 ਘੰਟਿਆਂ ਦੇ ਅੰਦਰ ਆਪਣਾ ਫੈਸਲਾ ਬਦਲ ਲਿਆ ਅਤੇ ਸੰਨਿਆਸ ਦਾ ਫੈਸਲਾ ਰੱਦ ਕਰ ਦਿੱਤਾ ਹੈ। ਜਾਣਕਾਰੀ ਮੁਤਾਬਿਕ ਤਮੀਮ ਨੇ ਇਹ ਫੈਸਲਾ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੀ ਸਲਾਹ ‘ਤੇ ਲਿਆ ਹੈ। ਤਮੀਮ ਨੇ ਸੰਨਿਆਸ ਦਾ ਐਲਾਨ ਕਰਨ ਤੋਂ ਬਾਅਦ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕੀਤੀ ਸੀ।
ਤਮੀਮ ਇਕਬਾਲ ਨੇ ਇੱਕ ਦਿਨ ਪਹਿਲਾਂ ਯਾਨੀ 6 ਜੁਲਾਈ ਨੂੰ ਅਚਾਨਕ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕਰਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਸੀ। ਤਮੀਮ ਨੇ ਢਾਕਾ ‘ਚ ਪ੍ਰੈੱਸ ਕਾਨਫਰੰਸ ‘ਚ ਆਪਣੇ ਫੈਸਲੇ ਬਾਰੇ ਦੱਸਿਆ ਸੀ। ਰਿਟਾਇਰਮੈਂਟ ਦੀ ਗੱਲ ਕਰਦੇ ਹੋਏ ਉਹ ਅਚਾਨਕ ਰੋਣ ਲੱਗ ਪਏ ਸਨ। ਤਮੀਮ ਦੇ ਇਸ ਫੈਸਲੇ ਨੇ ਬੰਗਲਾਦੇਸ਼ ਕ੍ਰਿਕਟ ‘ਚ ਹਲਚਲ ਮਚਾ ਦਿੱਤੀ ਹੈ।
ਸ਼ੁੱਕਰਵਾਰ ਨੂੰ ਤਮੀਮ ਨੇ ਆਪਣਾ ਫੈਸਲਾ ਵਾਪਿਸ ਲੈ ਲਿਆ। ਤਮੀਮ ਨੇ ਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨਾਲ ਮੁਲਾਕਾਤ ਕੀਤੀ ਸੀ, ਜਿੱਥੇ ਉਨ੍ਹਾਂ ਨਾਲ ਬੰਗਲਾਦੇਸ਼ ਦੇ ਸਾਬਕਾ ਦਿੱਗਜ ਕਪਤਾਨ ਮਸ਼ਰਫੇ ਮੁਰਤਜ਼ਾ ਵੀ ਮੌਜੂਦ ਸਨ। ਤਮੀਮ ਨੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਤੋਂ ਬਾਅਦ ਸੰਨਿਆਸ ਵਾਪਿਸ ਲੈਣ ਦਾ ਐਲਾਨ ਕੀਤਾ। ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਉਨ੍ਹਾਂ ਦੱਸਿਆ ਕਿ ਪ੍ਰਧਾਨ ਮੰਤਰੀ ਨੇ ਉਨ੍ਹਾਂ ਨੂੰ ਬੁਲਾ ਕੇ ਝਿੜਕਿਆ ਸੀ ਅਤੇ ਸੰਨਿਆਸ ਦਾ ਫੈਸਲਾ ਵਾਪਿਸ ਲੈਣ ਲਈ ਕਿਹਾ ਸੀ। ਤਮੀਮ ਨੇ ਕਿਹਾ ਕਿ ਉਹ ਪੀਐਮ ਦੀ ਗੱਲ ਟਾਲ ਨਹੀਂ ਸਕਦੇ।
ਤਮੀਮ ਇਕਬਾਲ ਪਿਛਲੇ ਕੁਝ ਸਮੇਂ ਤੋਂ ਫਿਟਨੈੱਸ ਦੀ ਸਮੱਸਿਆ ਨਾਲ ਜੂਝ ਰਹੇ ਸਨ ਅਤੇ ਜਿਸ ਕਾਰਨ ਬੋਰਡ ਦੇ ਚੇਅਰਮੈਨ ਨੇ ਉਨ੍ਹਾਂ ‘ਤੇ ਸਵਾਲ ਖੜ੍ਹੇ ਕੀਤੇ ਸਨ। ਹੁਣ ਤਮੀਮ ਨੇ ਦੱਸਿਆ ਹੈ ਕਿ ਪ੍ਰਧਾਨ ਮੰਤਰੀ ਨੇ ਵੀ ਡੇਢ ਮਹੀਨੇ ਦਾ ਬ੍ਰੇਕ ਲੈ ਕੇ ਆਪਣਾ ਇਲਾਜ ਪੂਰਾ ਕਰਨ ਦਾ ਸਮਾਂ ਦਿੱਤਾ ਹੈ, ਜਿਸ ਤੋਂ ਬਾਅਦ ਉਹ ਟੀਮ ‘ਚ ਵਾਪਸੀ ਕਰਨਗੇ ਅਤੇ ਏਸ਼ੀਆ ਕੱਪ ਵਿਸ਼ਵ ਕੱਪ ‘ਚ ਟੀਮ ਲਈ ਅਹਿਮ ਭੂਮਿਕਾ ਨਿਭਾਉਣਗੇ।