ਕੈਪਟਨ ਅਮਰਿੰਦਰ ਸਿੰਘ ਨੇ 2019 ਦੀਆਂ ਲੋਕ ਸਭਾ ਚੋਣਾਂ ਵਿੱਚ ਕਾਂਗਰਸ ਨੂੰ ਸ਼ਾਨਦਾਰ ਜਿੱਤ ਦਿਵਾਈ ਅਤੇ 13 ਵਿੱਚੋਂ 8 ਸੀਟਾਂ ਹਾਸਿਲ ਕੀਤੀਆਂ ਸੀ। ਉਸ ਸਮੇਂ ਉਨ੍ਹਾਂ ਨੇ ਇਕ ਨਿੱਜੀ ਕੰਪਨੀ ਤੋਂ ਹੈਲੀਕਾਪਟਰ ਕਿਰਾਏ ‘ਤੇ ਲੈ ਕੇ ਚੋਣਾਂ ਦੌਰਾਨ ਜ਼ੋਰਦਾਰ ਪ੍ਰਚਾਰ ਵੀ ਕੀਤਾ ਸੀ ਪਰ ਸਮੇਂ ਅਤੇ ਹਾਲਾਤ ਦੇ ਬਦਲਣ ਨਾਲ ਵੀਰਵਾਰ ਨੂੰ ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਨੇ ਭਾਜਪਾ ‘ਚ ਸ਼ਾਮਿਲ ਹੋਏ ਕੈਪਟਨ ਨੂੰ ਹੈਲੀਕਾਪਟਰ ਦੇ ਕਿਰਾਏ ਦਾ ਹਿਸਾਬ ਦੇਣ ਲਈ ਕਿਹਾ। ਜੋ ਕਿ ਵਿਆਜ ਸਮੇਤ 3.50 ਕਰੋੜ ਰੁਪਏ ਹੈ।
ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਇੱਕ ਟਵੀਟ ਵਿੱਚ ਦੋਸ਼ ਲਾਇਆ ਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹੈਲੀਕਾਪਟਰ ਟੈਕਸੀ ਹਾਇਰਿੰਗ ਕੰਪਨੀ ਨੂੰ ਕਰੀਬ 3.5 ਕਰੋੜ ਰੁਪਏ ਨਹੀਂ ਦਿੱਤੇ ਹਨ। ਬਾਜਵਾ ਨੇ ਲਿਖਿਆ ਕਿ 2.1 ਕਰੋੜ ਰੁਪਏ ਦੀ ਮੂਲ ਰਾਸ਼ੀ ਦਾ ਭੁਗਤਾਨ ਨਾ ਹੋਣ ਕਾਰਨ ਇਹ ਵਧ ਕੇ 3.5 ਕਰੋੜ ਰੁਪਏ ਹੋ ਗਈ ਹੈ। ਕੈਪਟਨ ਹੁਣ ਭਾਜਪਾ ਦੇ ਸੀਨੀਅਰ ਆਗੂ ਹਨ। ਜੇਕਰ ਕੈਪਟਨ ਨੇ ਉਨ੍ਹਾਂ ਦੀ ਬਕਾਇਆ ਅਦਾਇਗੀ ਨੂੰ ਕਲੀਅਰ ਨਹੀਂ ਕੀਤਾ ਤਾਂ ਉਹ ਇਸ ਸਬੰਧੀ ਭਾਜਪਾ ਲੀਡਰਸ਼ਿਪ ਨੂੰ ਅਪੀਲ ਕਰਨਗੇ। ਜੇਕਰ ਕੈਪਟਨ ਨਹੀਂ ਦੇ ਰਹੇ ਤਾਂ ਬਾਕੀ ਰਕਮ ਭਾਜਪਾ ਨੂੰ ਦੇਣੀ ਚਾਹੀਦੀ ਹੈ।
ਬਾਜਵਾ ਨੇ ਲਿਖਿਆ ਕਿ ਇਹ ਮੰਦਭਾਗਾ ਹੈ ਕਿ ਸਾਬਕਾ ਮੁੱਖ ਮੰਤਰੀ ਨੇ ਆਪਣੇ ਦੋਸਤ ਲੈਫਟੀਨੈਂਟ ਕਰਨਲ ਅਨਿਲ ਰਾਜ ਦੀ ਮਦਦ ਨਾਲ ਹੈਲੀਕਾਪਟਰ ਟੈਕਸੀ ਹਾਇਰਿੰਗ ਕੰਪਨੀ ਤੋਂ ਹੈਲੀਕਾਪਟਰ ਕਿਰਾਏ ‘ਤੇ ਲਿਆ ਸੀ। ਕੈਪਟਨ ਨੇ 2019 ਦੀਆਂ ਲੋਕ ਸਭਾ ਚੋਣਾਂ ‘ਚ ਇਸ ਦੀ ਵਰਤੋਂ ਕੀਤੀ ਪਰ ਲੈਫਟੀਨੈਂਟ ਕਰਨਲ ਅਨਿਲ ਰਾਜ ਨੂੰ ਹੈਲੀਕਾਪਟਰ ਦਾ ਕਿਰਾਇਆ ਲੈਣ ਲਈ ਚਾਰ ਸਾਲ ਤੋਂ ਉਡੀਕ ਕਰਨੀ ਪੈ ਰਹੀ ਹੈ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਪੰਜਾਬ ਕਾਂਗਰਸ ਦੇ ਆਗੂ ਲਗਾਤਾਰ ਮੁੱਖ ਮੰਤਰੀ ਭਗਵੰਤ ਮਾਨ ‘ਤੇ ਸਰਕਾਰੀ ਹੈਲੀਕਾਪਟਰ ਦੀ ਦੁਰਵਰਤੋਂ ਦੇ ਦੋਸ਼ ਲਗਾਉਂਦੇ ਰਹੇ ਹਨ। ਵੀਰਵਾਰ ਨੂੰ ਬਾਜਵਾ ਨੇ ਆਪਣੀ ਪਾਰਟੀ ਦੇ ਸਾਬਕਾ ਨੇਤਾ (ਕੈਪਟਨ) ਨੂੰ ਵੀ ਇਸੇ ਤਰ੍ਹਾਂ ਦੇ ਮਾਮਲੇ ‘ਚ ਘੇਰਿਆ ਹੈ। ਉਨ੍ਹਾਂ ਕਿਹਾ ਕਿ ਕੈਪਟਨ ਨੇ ਹੈਲੀਕਾਪਟਰ ਦੀ ਵਰਤੋਂ ਕੀਤੀ ਹੈ, ਇਸ ਲਈ ਉਨ੍ਹਾਂ ਵੱਲੋਂ ਇਸ ਦਾ ਭੁਗਤਾਨ ਕੀਤਾ ਜਾਣਾ ਚਾਹੀਦਾ ਹੈ। ਹਾਲਾਂਕਿ, ਕੈਪਟਨ ਨੇ ਹੈਲੀਕਾਪਟਰ ਉਸ ਸਮੇਂ ਕਾਂਗਰਸ ਪਾਰਟੀ ਲਈ ਵਰਤਿਆ ਸੀ।