ਵੈਸਟਇੰਡੀਜ਼ ਖਿਲਾਫ ਟੀ-20 ਸੀਰੀਜ਼ ਲਈ ਭਾਰਤੀ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ। ਰੋਹਿਤ ਸ਼ਰਮਾ ਅਤੇ ਵਿਰਾਟ ਕੋਹਲੀ ਦੋਵਾਂ ਨੂੰ ਵੈਸਟਇੰਡੀਜ਼ ਖਿਲਾਫ 5 ਟੀ-20 ਮੈਚਾਂ ਦੀ ਸੀਰੀਜ਼ ਲਈ ਟੀਮ ‘ਚ ਜਗ੍ਹਾ ਨਹੀਂ ਮਿਲੀ। ਟੀਮ ਹਾਰਦਿਕ ਪਾਂਡਿਆ ਦੀ ਅਗਵਾਈ ‘ਚ ਮੈਦਾਨ ‘ਚ ਉਤਰੇਗੀ। ਸੂਰਿਆਕੁਮਾਰ ਯਾਦਵ ਨੂੰ ਉਪ ਕਪਤਾਨ ਚੁਣਿਆ ਗਿਆ ਹੈ। IPL ਦੇ ਇਸ ਸੀਜ਼ਨ ‘ਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਤਿਲਕ ਵਰਮਾ ਅਤੇ ਯਸ਼ਸਵੀ ਜੈਸਵਾਲ ਨੂੰ ਵੀ ਵੱਡਾ ਇਨਾਮ ਮਿਲਿਆ ਹੈ।
ਤਿਲਕ ਅਤੇ ਯਸ਼ਸਵੀ ਦੋਵਾਂ ਨੂੰ ਪਹਿਲੀ ਵਾਰ ਟੀ-20 ਟੀਮ ਵਿੱਚ ਚੁਣਿਆ ਗਿਆ ਹੈ। ਭਾਰਤ ਵੈਸਟਇੰਡੀਜ਼ ਦੇ ਲੰਬੇ ਦੌਰੇ ‘ਤੇ ਹੈ, ਜਿੱਥੇ ਉਸ ਨੂੰ ਮੇਜ਼ਬਾਨ ਟੀਮ ਨਾਲ 2 ਟੈਸਟ, 3 ਵਨਡੇ ਅਤੇ 5 ਟੀ-20 ਮੈਚਾਂ ਦੀ ਸੀਰੀਜ਼ ਖੇਡਣੀ ਹੈ। ਬੀਸੀਸੀਆਈ ਵੱਲੋਂ ਟੈਸਟ ਅਤੇ ਵਨਡੇ ਟੀਮ ਦਾ ਐਲਾਨ ਪਹਿਲਾਂ ਹੀ ਕਰ ਦਿੱਤਾ ਗਿਆ ਸੀ, ਹੁਣ ਨਵੇਂ ਮੁੱਖ ਚੋਣਕਾਰ ਦੇ ਆਉਣ ਤੋਂ ਬਾਅਦ ਬੁੱਧਵਾਰ ਨੂੰ 15 ਮੈਂਬਰੀ ਟੀ-20 ਟੀਮ ਦਾ ਐਲਾਨ ਕੀਤਾ ਗਿਆ।