ਉੱਤਰ ਪ੍ਰਦੇਸ਼ ਦਾ ਬਾਹੂਬਲੀ ਮੁਖਤਾਰ ਅੰਸਾਰੀ ਇਨ੍ਹੀਂ ਦਿਨੀਂ ਪੰਜਾਬ ਦੀ ਸਿਆਸਤ ਦਾ ਕੇਂਦਰ ਬਣਿਆ ਹੋਇਆ ਹੈ। ਸੋਮਵਾਰ ਨੂੰ ਦਿਨ ਭਰ ਇਸ ਮੁੱਦੇ ਨੂੰ ਲੈ ਕੇ ਹੰਗਾਮਾ ਹੋਇਆ। ਦੇਰ ਸ਼ਾਮ ਮੁੱਖ ਮੰਤਰੀ ਭਗਵੰਤ ਮਾਨ ਨੇ ਸਾਬਕਾ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੀ ਚਿੱਠੀ ਜਨਤਕ ਕੀਤੀ। ਇਹ ਪੱਤਰ ਰੰਧਾਵਾ ਨੇ ਜਨਵਰੀ 2021 ਵਿੱਚ ਪੰਜਾਬ ਦੇ ਤਤਕਾਲੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਲਿਖਿਆ ਸੀ। ਪੱਤਰ ‘ਚ ਸੁਖਜਿੰਦਰ ਰੰਧਾਵਾ ਨੇ ਮੁਖਤਾਰ ਅੰਸਾਰੀ ਨੂੰ ਪੰਜਾਬ ਦੀ ਜੇਲ ‘ਚ ਰੱਖਣ ‘ਤੇ ਸਵਾਲ ਚੁੱਕੇ ਹਨ। ਇਸ ਦੇ ਨਾਲ ਹੀ ਉਨ੍ਹਾਂ ਨੂੰ ਮੀਡੀਆ ਦੇ ਸਾਹਮਣੇ ਸਥਿਤੀ ਸਪੱਸ਼ਟ ਕਰਨ ਲਈ ਵੀ ਕਿਹਾ ਗਿਆ।
ਹੁਣ ਸੀਐਮ ਮਾਨ ਨੇ ਇਸ ‘ਤੇ ਤੰਜ ਕਸਿਆ ਹੈ। ਉਨ੍ਹਾਂ ਕਿਹਾ ਕਿ “ਜੇਲ੍ਹ ਮੰਤਰੀ ਕਹਿ ਰਹੇ ਨੇ ਮੈਨੂੰ ਕੁਛ ਪਤਾ ਨਹੀਂ ..ਮੁੱਖ ਮੰਤਰੀ ਕਹਿ ਰਹੇ ਨੇ ਮੈਂ ਜ਼ਿੰਦਗੀ ‘ਚ ਕਦੇ ਅੰਸਾਰੀ ਨੂੰ ਮਿਲਿਆ ਨਹੀਂ..ਜੇਲ੍ਹਾਂ ‘ਚ ਕੌਣ ਆਇਆ ਕੌਣ ਗਿਆ..ਕਿਸ ਨੂੰ ਪਤਾ ਸੀ?? ਆਹ ਚਿੱਠੀ ਜਨਤਕ ਕਰ ਰਿਹਾ ਹਾਂ..ਲੋਕਾਂ ਨੂੰ ਪਤਾ ਲੱਗਣਾ ਚਾਹੀਦੈ ਕਿ ਤਜ਼ਰਬੇਕਾਰ ਸਰਕਾਰ ਕਿਵੇਂ ਚੱਲਦੀ ਸੀ..ਹੋਰ ਖੁਲਾਸੇ ਜਲਦੀ..”
ਕੈਪਟਨ ਨੂੰ ਲਿਖੇ ਪੱਤਰ ਵਿੱਚ ਸਾਬਕਾ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਲਿਖਿਆ ਹੈ ਕਿ ਮੈਂ ਇੱਕ ਸੰਵੇਦਨਸ਼ੀਲ ਮਾਮਲੇ ਵੱਲ ਤੁਹਾਡਾ ਧਿਆਨ ਦਿਵਾਉਣਾ ਚਾਹੁੰਦਾ ਹਾਂ। ਦੱਸਣਾ ਚਾਹੁੰਦੇ ਹਾਂ ਕਿ ਉੱਤਰ ਪ੍ਰਦੇਸ਼ ਦੇ ਵਿਧਾਇਕ ਮੁਖਤਾਰ ਅੰਸਾਰੀ ਰੋਪੜ ਜੇਲ੍ਹ ਵਿੱਚ ਬੰਦ ਹਨ। ਉਨ੍ਹਾਂ ‘ਤੇ ਕਈ ਗੰਭੀਰ ਦੋਸ਼ ਹਨ। ਪਿਛਲੇ ਕੁਝ ਸਮੇਂ ਤੋਂ ਇਹ ਮਾਮਲਾ ਸਿਆਸੀ ਤੂਲ ਫੜਦਾ ਜਾ ਰਿਹਾ ਹੈ। ਇਹ ਮਾਮਲਾ ਵਿਰੋਧੀ ਧਿਰ ਵੱਲੋਂ ਵਿਧਾਨ ਸਭਾ ਵਿੱਚ ਚੁੱਕਿਆ ਜਾ ਰਿਹਾ ਹੈ।
ਇਸ ਦੇ ਨਾਲ ਹੀ ਹੁਣ ਸੁਪਰੀਮ ਕੋਰਟ ਨੇ ਦੋਸ਼ੀਆਂ ਨੂੰ ਪੰਜਾਬ ਤੋਂ ਉੱਤਰ ਪ੍ਰਦੇਸ਼ ਭੇਜਣ ਦੇ ਹੁਕਮ ਦਿੱਤੇ ਹਨ। ਮੀਡੀਆ ਵਿੱਚ ਲਗਾਤਾਰ ਉੱਠ ਰਹੇ ਸਵਾਲਾਂ ਕਾਰਨ ਇਹ ਮਾਮਲਾ ਜੇਲ੍ਹ ਵਿਭਾਗ ਲਈ ਹੀ ਨਹੀਂ ਸਗੋਂ ਸੂਬਾ ਸਰਕਾਰ ਲਈ ਵੀ ਚਿੰਤਾ ਦਾ ਵਿਸ਼ਾ ਬਣ ਗਿਆ ਹੈ। ਮੈਂ ਤੁਹਾਨੂੰ ਨਿਮਰਤਾ ਸਹਿਤ ਬੇਨਤੀ ਕਰਦਾ ਹਾਂ ਕਿ ਇਸ ਮਾਮਲੇ ਵਿੱਚ ਤੁਰੰਤ ਕਾਰਵਾਈ ਕਰਕੇ ਮੀਡੀਆ ਨੂੰ ਸਾਫ਼ ਕੀਤਾ ਜਾਵੇ। ਮੁਖਤਾਰ ਅੰਸਾਰੀ ਕਾਰਨ ਕਾਂਗਰਸ ਪਾਰਟੀ ਦਾ ਅਕਸ ਖਰਾਬ ਹੋ ਰਿਹਾ ਹੈ।