ਓਡੀਆਈ ਕ੍ਰਿਕਟਰ ਵਿਸ਼ਵ ਕੱਪ 2023 ਇਸ ਵਾਰ ਭਾਰਤ ਵਿੱਚ ਹੋਵੇਗਾ। ਮੰਗਲਵਾਰ ਨੂੰ ਜਾਰੀ ਪ੍ਰੋਗਰਾਮ ‘ਚ ਮੇਜ਼ਬਾਨ ਸ਼ਹਿਰਾਂ ਦੀ ਸੂਚੀ ‘ਚ ਮੋਹਾਲੀ ਦਾ ਨਾਂ ਸ਼ਾਮਿਲ ਨਹੀਂ ਕੀਤਾ ਗਿਆ ਹੈ। ਇਸ ਦੀ ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਸਖ਼ਤ ਨਿਖੇਧੀ ਕੀਤੀ ਹੈ। ਉਨ੍ਹਾਂ ਨੇ ਇਸ ਫੈਸਲੇ ਨੂੰ ਸਿਆਸਤ ਤੋਂ ਪ੍ਰੇਰਿਤ ਕਰਾਰ ਦਿੱਤਾ ਹੈ। ਮੀਤ ਹੇਅਰ ਨੇ ਕਿਹਾ ਕਿ ਵਿਸ਼ਵ ਕੱਪ ਦੇ ਮੈਚਾਂ ਦੀ ਮੇਜ਼ਬਾਨੀ ਤੋਂ ਪੰਜਾਬ ਨੂੰ ਬਾਹਰ ਰੱਖਣਾ ਸਰਾਸਰ ਵਿਤਕਰਾ ਹੈ ਕਿਉਂਕਿ ਪੀਸੀਏ ਸਟੇਡੀਅਮ ਮੋਹਾਲੀ ਦੀ ਉਸਾਰੀ ਤੋਂ ਬਾਅਦ ਇਹ ਪਹਿਲੀ ਵਾਰ ਹੈ ਕਿ ਵਿਸ਼ਵ ਕੱਪ ਭਾਰਤ ਵਿੱਚ ਹੋ ਰਿਹਾ ਹੈ ਅਤੇ ਮੁਹਾਲੀ ਵਿੱਚ ਕੋਈ ਮੈਚ ਨਹੀਂ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ 1996 ਅਤੇ 2011 ਵਿੱਚ ਵਿਸ਼ਵ ਕੱਪ ਦੇ ਸੈਮੀਫਾਈਨਲ ਮੁਹਾਲੀ ਵਿੱਚ ਖੇਡੇ ਗਏ ਸਨ ਪਰ ਇਸ ਵਾਰ ਇੱਕ ਵੀ ਲੀਗ ਮੈਚ ਨਹੀਂ ਕਰਵਾਇਆ ਗਿਆ। ਸ਼ੁਰੂਆਤੀ ਅਤੇ ਫਾਈਨਲ ਮੈਚਾਂ ਤੋਂ ਇਲਾਵਾ, ਅਹਿਮਦਾਬਾਦ ਨੂੰ ਭਾਰਤ-ਪਾਕਿਸਤਾਨ ਮੈਚ ਦੀ ਮੇਜ਼ਬਾਨੀ ਵੀ ਮਿਲੀ ਹੈ।
ਮੀਤ ਹੇਅਰ ਨੇ ਕਿਹਾ ਕਿ ਪੀਸੀਏ ਸਟੇਡੀਅਮ ਮੋਹਾਲੀ ਨਾ ਸਿਰਫ਼ ਭਾਰਤ ਦੇ ਚੋਟੀ ਦੇ ਪੰਜ ਸਟੇਡੀਅਮਾਂ ਵਿੱਚੋਂ ਇੱਕ ਹੈ ਸਗੋਂ ਵਿਸ਼ਵ ਦੇ ਚੋਣਵੇਂ ਸਟੇਡੀਅਮਾਂ ਦੀ ਸੂਚੀ ਵਿੱਚ ਵੀ ਆਉਂਦਾ ਹੈ। ਕ੍ਰਿਕਟ ਪ੍ਰੇਮੀਆਂ ਦੀ ਪਹਿਲੀ ਪਸੰਦ ਮੁਹਾਲੀ ਨੂੰ ਮੇਜ਼ਬਾਨ ਸੂਚੀ ਵਿੱਚੋਂ ਬਾਹਰ ਕਰਨਾ ਸਿਆਸਤ ਤੋਂ ਪ੍ਰੇਰਿਤ ਹੈ। ਪੰਜਾਬ ਨਾਲ ਹੋਈ ਇਸ ਬੇਇਨਸਾਫੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਬੀ.ਸੀ.ਸੀ.ਆਈ. ਕੋਲ ਵਿਤਕਰੇ ਦਾ ਮੁੱਦਾ ਉਠਾਏਗੀ। ਖੇਡ ਮੰਤਰੀ ਨੇ ਅੱਗੇ ਕਿਹਾ ਕਿ ਜਿੱਥੇ ਮੁਹਾਲੀ ਵਿੱਚ ਇੱਕ ਅੰਤਰਰਾਸ਼ਟਰੀ ਹਵਾਈ ਅੱਡਾ ਹੈ, ਉਥੇ ਸ਼ਹਿਰ ਵਿੱਚ ਬਿਹਤਰ ਬੁਨਿਆਦੀ ਢਾਂਚਾ ਅਤੇ ਟੀਮਾਂ ਦੇ ਠਹਿਰਣ ਲਈ ਲੋੜੀਂਦੇ ਹੋਟਲ ਵੀ ਹਨ। ਮੁਹਾਲੀ ਵਿੱਚ ਮੈਚ ਕਰਵਾ ਕੇ ਖੇਡ ਸੈਰ-ਸਪਾਟੇ ਨੂੰ ਉਤਸ਼ਾਹਿਤ ਕੀਤਾ ਜਾਣਾ ਸੀ ਅਤੇ ਦੇਸ਼-ਵਿਦੇਸ਼ ਤੋਂ ਖੇਡਾਂ ਨਾਲ ਸਬੰਧਿਤ ਸੈਲਾਨੀਆਂ ਨੇ ਪੰਜਾਬ ਵਿੱਚ ਆਉਣਾ ਸੀ। ਇਸ ਨਾਲ ਸੂਬੇ ਦੀ ਆਰਥਿਕਤਾ ਹੋਰ ਮਜ਼ਬੂਤ ਹੋਵੇਗੀ।
ਕ੍ਰਿਕਟ ਵਿਸ਼ਵ ਕੱਪ ਦੀ ਮੇਜ਼ਬਾਨੀ ‘ਚੋਂ ਮੁਹਾਲੀ ਨੂੰ ਬਾਹਰ ਕਰਨਾ ਬਹੁਤ ਮੰਦਭਾਗਾ ਹੈ।ਇਹ ਵਿਤਕਰੇਬਾਜ਼ੀ ਸਿਆਸਤ ਤੋਂ ਪ੍ਰੇਰਿਤ ਹੈ।ਪੰਜਾਬ ਨੇ ਦੇਸ਼ ਨੂੰ ਵੱਡੇ ਖਿਡਾਰੀ ਦਿੱਤੇ ਹਨ ਅਤੇ ਮੁਹਾਲੀ ਸਟੇਡੀਅਮ ਦੁਨੀਆਂ ਦੇ ਚੋਟੀ ਦੇ ਸਟੇਡੀਅਮਾਂ ਚੋਂ ਇਕ ਹੈ। ਮੁੱਖ ਮੰਤਰੀ ਭਗਵੰਤ ਮਾਨ ਜੀ ਦੀ ਅਗਵਾਈ ਵਾਲੀ ਸਰਕਾਰ ਇਹ ਮੁੱਦਾ ਬੀਸੀਸੀਆਈ ਕੋਲ ਉਠਾਵੇਗੀ।
— Gurmeet Singh Meet Hayer (@meet_hayer) June 27, 2023