ਪੰਜਾਬ ਸਰਕਾਰ ਨੇ ਹਾਲ ਹੀ ਵਿੱਚ ਰੈਗੂਲਰ ਕੀਤੇ ਗਏ 12700 ਕੱਚੇ ਅਧਿਆਪਕਾਂ ਨੂੰ ਵੱਡਾ ਤੋਹਫਾ ਦਿੱਤਾ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਮੰਗਲਵਾਰ ਨੂੰ ਇਨ੍ਹਾਂ ਅਧਿਆਪਕਾਂ ਦੀਆਂ ਸੇਵਾਵਾਂ ਨੂੰ ਰੈਗੂਲਰ ਕਰਨ ਤੋਂ ਬਾਅਦ ਉਨ੍ਹਾਂ ਦੀ ਤਨਖਾਹ ਤਿੰਨ ਗੁਣਾ ਤੱਕ ਵਧਾਉਣ ਅਤੇ ਸਰਕਾਰੀ ਨੌਕਰੀਆਂ ਦੇ ਹੋਰ ਲਾਭ ਦੇਣ ਦਾ ਐਲਾਨ ਕੀਤਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਇਨ੍ਹਾਂ ਅਧਿਆਪਕਾਂ ਨੂੰ ਐਸੋਸੀਏਟ ਅਧਿਆਪਕ ਅਤੇ ਵਿਸ਼ੇਸ਼ ਸਮਾਵੇਸ਼ੀ ਅਧਿਆਪਕਾਂ ਵਜੋਂ ਜਾਣਿਆ ਜਾਵੇਗਾ। ਉਨ੍ਹਾਂ ਦੀਆਂ ਸੇਵਾਵਾਂ ਸਕੂਲ ਸਿੱਖਿਆ ਵਿਭਾਗ ਵਿੱਚ ਐਡਹਾਕ, ਠੇਕਾ, ਕੱਚੇ ਅਧਿਆਪਕਾਂ ਅਤੇ ਹੋਰ ਮੁਲਾਜ਼ਮਾਂ ਦੀ ਭਲਾਈ ਨੀਤੀ ਦੇ ਅਧੀਨ ਹੋਣਗੀਆਂ।
58 ਸਾਲ ਦੀ ਸੇਵਾ ਪੂਰੀ ਕਰਨ ਤੱਕ ਉਨ੍ਹਾਂ ਦੀ ਤਨਖਾਹ ਅਤੇ ਵਿਦਿਅਕ ਯੋਗਤਾ ਤੈਅ ਕੀਤੀ ਗਈ ਹੈ। ਤਨਖਾਹ ਵਿੱਚ ਹਰ ਸਾਲ ਪੰਜ ਫੀਸਦੀ ਦਾ ਵਾਧਾ ਹੋਵੇਗਾ। ਭਗਵੰਤ ਮਾਨ ਨੇ ਕਿਹਾ ਕਿ ਇਹ ਅਧਿਆਪਕ ਪਿਛਲੇ 10 ਸਾਲਾਂ ਤੋਂ ਵੱਧ ਸਮੇਂ ਤੋਂ ਸਿੱਖਿਆ ਵਿਭਾਗ ਵਿੱਚ ਸੇਵਾ ਨਿਭਾ ਚੁੱਕੇ ਹਨ। ਇਸ ਤੋਂ ਬਾਅਦ ਸੂਬਾ ਸਰਕਾਰ ਨੇ ਉਨ੍ਹਾਂ ਦੀਆਂ ਸੇਵਾਵਾਂ ਰੈਗੂਲਰ ਕਰ ਦਿੱਤੀਆਂ ਹਨ ਜਦਕਿ ਪਿਛਲੀਆਂ ਸਰਕਾਰਾਂ ਨੇ ਇਸ ਮੁੱਦੇ ‘ਤੇ ਬੋਲਣ ਤੋਂ ਇਲਾਵਾ ਕੁਝ ਨਹੀਂ ਕੀਤਾ।
ਇਨ੍ਹਾਂ ਅਧਿਆਪਕਾਂ ਦੀ ਹੁਣ ਤੱਕ ਤਨਖ਼ਾਹ ਵਿੱਚੋਂ ਛੁੱਟੀ ਦੇ ਪੈਸੇ ਕੱਟੇ ਜਾਂਦੇ ਸਨ ਪਰ ਹੁਣ ਨਵੀਂ ਤਨਖ਼ਾਹ ਨਾਲ ਇਨ੍ਹਾਂ ਅਧਿਆਪਕਾਂ ਨੂੰ ਵੀ ਛੁੱਟੀਆਂ ਦੇ ਪੈਸੇ ਮਿਲ ਜਾਣਗੇ। ਇਸ ਤੋਂ ਇਲਾਵਾ ਮਹਿਲਾ ਅਧਿਆਪਕਾਂ ਨੂੰ ਜਣੇਪਾ ਛੁੱਟੀ ਵੀ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਗਰਮੀਆਂ ਦੀਆਂ ਛੁੱਟੀਆਂ ਤੋਂ ਬਾਅਦ ਸਕੂਲ ਖੁੱਲ੍ਹਦੇ ਹੀ ਇਨ੍ਹਾਂ ਅਧਿਆਪਕਾਂ ਨੂੰ ਆਪਣੇ ਸਕੂਲਾਂ ਵਿੱਚ ਪਹੁੰਚਦੇ ਹੀ ਨਿਯੁਕਤੀ ਪੱਤਰ ਦਿੱਤੇ ਜਾਣਗੇ।
ਕੱਚੇ ਤੋਂ ਪੱਕੇ ਕੀਤੇ ਅਧਿਆਪਕਾਂ ਲਈ ਵੱਡਾ ਤੋਹਫ਼ਾ…
ਤਨਖਾਹਾਂ ਤੇ ਭੱਤਿਆਂ ਵਿੱਚ ਭਾਰੀ ਵਾਧਾ… ਵੇਰਵੇ ਸਾਂਝੇ ਕਰ ਰਹੇ ਹਾਂ… Live https://t.co/ltmOqxzH53
— Bhagwant Mann (@BhagwantMann) June 27, 2023