[gtranslate]

ਬੈਂਕ ‘ਚੋਂ ਲੁੱਟੇ 150 ਕਰੋੜ,ਜਾਇਦਾਦ ਖਰੀਦੀ ਤੇ ਫਿਰ… ਜੇਕਰ ਇੱਕ ਸਾਥੀ ਨੇ ਨਾ ਕੀਤੀ ਹੁੰਦੀ ਇਹ ਗਲਤੀ ਤਾਂ ਕਦੇ ਨਾ ਫੜੇ ਜਾਂਦੇ ਲੁਟੇਰੇ !

america's biggest bank robbery

ਕਾਲੇ ਕੱਪੜੇ, ਮੂੰਹ ‘ਤੇ ਮਾਸਕ, ਅੱਧੀ ਰਾਤ ਨੂੰ 6 ਦੋਸਤ ਅਮਰੀਕਾ ਦੇ ਇੱਕ ਬੈਂਕ ‘ਚ ਪਹੁੰਚੇ, ਮਕਸਦ ਬੈਂਕ ‘ਚ ਰੱਖੇ ਸਾਰੇ ਪੈਸੇ ਲੁੱਟਣਾ, ਹੱਥਾਂ ਵਿੱਚ ਹਥਿਆਰ, ਵਾਕੀ-ਟਾਕੀ, ਸਾਰੇ ਪ੍ਰਬੰਧਾਂ ਨਾਲ ਉਹ ਬੈਂਕ ਦੇ ਅੰਦਰ ਪਹੁੰਚ ਜਾਂਦੇ ਨੇ। ਰਾਤ ਕਰੀਬ 12.30 ਵਜੇ ਗਾਰਡ ਕੰਟੀਨ ਵਿੱਚ ਖਾਣਾ ਖਾ ਰਹੇ ਹੁੰਦੇ ਨੇ। ਇਹ ਉਨ੍ਹਾਂ ਪਹਿਰੇਦਾਰਾਂ ਨੂੰ ਘੇਰ ਲੈਂਦੇ ਨੇ। ਬੰਦੂਕ ਦੀ ਨੋਕ ‘ਤੇ ਉਨ੍ਹਾਂ ਦੇ ਹੱਥ-ਪੈਰ ਬੰਨ੍ਹ ਦਿੱਤੇ ਜਾਂਦੇ ਨੇ, ਉਨ੍ਹਾਂ ਦੇ ਮੂੰਹ ‘ਤੇ ਟੇਪ ਚਿਪਕਾ ਦਿੱਤੀ ਜਾਂਦੀ ਹੈ। ਇਸ ਤੋਂ ਬਾਅਦ 6 ਨਕਾਬਪੋਸ਼ ਸਿੱਧੇ ਸੇਫ ਰੂਮ ‘ਚ ਪਹੁੰਚਦੇ ਹਨ ਅਤੇ ਬੈਂਕ ‘ਚੋਂ 150 ਕਰੋੜ ਰੁਪਏ ਚੋਰੀ ਕਰ ਫਰਾਰ ਹੋ ਜਾਂਦੇ ਨੇ।

ਇਹ ਬੈਂਕ ਲੁੱਟ ਅਮਰੀਕਾ ਦੇ ਲਾਸ ਏਂਜਲਸ ਡਨਬਰ ਬੈਂਕ ਦੀ ਬ੍ਰਾਂਚ ਵਿੱਚ ਹੋਈ ਸੀ ਜਿੱਥੋਂ ਪੈਸੇ ਵੈਨ ਰਾਹੀਂ ਕਿਸੇ ਹੋਰ ਜਗ੍ਹਾ ਜਾਂਦੇ ਸਨ। ਇਹ ਇੱਕ ਛੋਟੀ ਸ਼ਾਖਾ ਸੀ। ਇਸ ਬੈਂਕ ਡਕੈਤੀ ਦੀ ਯੋਜਨਾ ਉਸੇ ਬੈਂਕ ਦੇ ਸੇਫਟੀ ਇੰਸਪੈਕਟਰ ਐਲਨ ਪੇਸ ਨੇ ਬਣਾਈ ਸੀ। ਸਾਲ 1997 ਅਗਸਤ ਦਾ ਮਹੀਨਾ। ਐਲਨ ਕਾਫੀ ਸਮੇਂ ਤੋਂ ਬੈਂਕ ‘ਚ ਲੁੱਟ ਦੀ ਯੋਜਨਾ ਬਣਾ ਰਿਹਾ ਸੀ। ਉਹ ਇੱਕ ਸੇਫਟੀ ਇੰਸਪੈਕਟਰ ਸੀ, ਪਰ ਉਸਦਾ ਸਾਰਾ ਧਿਆਨ ਬੈਂਕ ਵਿੱਚ ਲੁੱਟ ਨੂੰ ਸਹੀ ਢੰਗ ਨਾਲ ਅੰਜਾਮ ਦੇਣ ‘ਤੇ ਸੀ।

ਇੱਥੋਂ ਤੱਕ ਕਿ ਉਸ ਨੇ ਕਈ ਤਰ੍ਹਾਂ ਦੇ ਸਾਜ਼ੋ-ਸਾਮਾਨ ਨੂੰ ਖਰਾਬ ਕਰਨਾ ਸ਼ੁਰੂ ਕਰ ਦਿੱਤਾ ਸੀ ਤਾਂ ਜੋ ਉਸ ਦੀ ਚੋਰੀ ਕਿਸੇ ਦੇ ਹੱਥ ਨਾ ਲੱਗ ਜਾਵੇ। ਚੋਰੀ ਲਈ ਦਿਨ ਵੀ ਤੈਅ ਕੀਤਾ ਗਿਆ ਸੀ ਪਰ ਇਕ ਦਿਨ ਪਹਿਲਾਂ ਹੀ ਉਸ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ। ਇਸ ਦਾ ਕਾਰਨ ਸਾਜ਼ੋ-ਸਾਮਾਨ ਦੀ ਖਰਾਬੀ ਸੀ। ਖੈਰ, ਨੌਕਰੀ ਤੋਂ ਨਿਕਲਣ ਦੇ ਬਾਵਜੂਦ ਉਸ ਨੇ ਲੁੱਟ ਦੀ ਯੋਜਨਾ ਜਾਰੀ ਰੱਖੀ। ਇਸ ਯੋਜਨਾ ਵਿੱਚ ਉਸ ਨੇ ਆਪਣੇ ਪੰਜ ਹੋਰ ਦੋਸਤਾਂ ਨੂੰ ਵੀ ਸ਼ਾਮਿਲ ਕੀਤਾ ਸੀ। ਉਹ ਐਲਨ ਦੇ ਬਚਪਨ ਦੇ ਦੋਸਤ ਸਨ ਅਤੇ ਉਸ ਨੂੰ ਉਨ੍ਹਾਂ ‘ਤੇ ਪੂਰਾ ਵਿਸ਼ਵਾਸ ਸੀ।

ਇਸ ਮਗਰੋਂ ਉਹ ਆਪਣੇ ਇਨ੍ਹਾਂ 5 ਦੋਸਤਾਂ ਨਾਲ ਬੀਚ ਪਾਰਟੀ ‘ਚ ਪਹੁੰਚਿਆ ਸੀ। ਇਨ੍ਹਾਂ ਸਾਰੇ ਦੋਸਤਾਂ ਨੇ ਪਾਰਟੀ ਵਿਚ ਨੱਚਣਾ ਟੱਪਣਾ ਸ਼ੁਰੂ ਕਰ ਦਿੱਤਾ ਪਰ ਉਨ੍ਹਾਂ ਦੇ ਮਨ ਵਿੱਚ ਚੱਲ ਰਹੀ ਸੀ ਬੈਂਕ ਲੁੱਟਣ ਦੀ ਸਾਜ਼ਿਸ਼। ਕਿਉਂਕ ਇਸੇ ਰਾਤ ਉਨ੍ਹਾਂ ਨੇ ਬੈਂਕ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣਾ ਸੀ। ਉਹ ਚੁੱਪਚਾਪ ਪਾਰਟੀ ਦੇ ਵਿਚਕਾਰੋਂ ਆਪਣਾ ਕੰਮ ਪੂਰਾ ਕਰਨ ਲਈ ਚਲੇ ਗਏ। ਹਰ ਕੋਈ ਸ਼ਰਾਬੀ ਸੀ, ਪਰ ਇਨ੍ਹਾਂ 6 ਦੋਸਤਾਂ ਨੇ ਜਾਣਬੁੱਝ ਕੇ ਕੋਈ ਸ਼ਰਾਬ ਨਹੀਂ ਪੀਤੀ ਸੀ ਤੇ ਉਹ ਲੋਕਾਂ ਨੂੰ ਦਿਖਾਉਂਦੇ ਰਹੇ ਕਿ ਉਹ ਮਸਤੀ ਕਰ ਰਹੇ ਹਨ।

ਇਸ ਤੋਂ ਬਾਅਦ ਉਹ ਸਿੱਧਾ ਇੱਕ ਵੈਨ ਰਾਹੀਂ ਬੈਂਕ ਪਹੁੰਚੇ ਜਿਸਨੂੰ ਉਨ੍ਹਾਂ ਨੇ ਪਹਿਲਾਂ ਹੀ ਕਿਰਾਏ ‘ਤੇ ਲਿਆ ਹੋਇਆ ਸੀ। ਸਾਰਾ ਸਮਾਨ ਇਸ ਵੈਨ ਵਿੱਚ ਸੀ। ਇਸ ਤੋਂ ਬਾਅਦ ਇਹ ਸਾਰੇ ਦੋਸਤ ਕਾਲੇ ਕੱਪੜੇ ਅਤੇ ਕਾਲੇ ਮਾਸਕ ਪਾ ਕੇ ਬੈਂਕ ਪਹੁੰਚ ਜਾਂਦੇ ਨੇ। ਉਹ ਰਾਤ ਕਰੀਬ 12.30 ਵਜੇ ਬੈਂਕ ਵਿੱਚ ਦਾਖਲ ਹੁੰਦੇ ਨੇ। ਸੇਫ ਦਾ ਗੇਟ ਸ਼ੁੱਕਰਵਾਰ ਨੂੰ ਖੁੱਲ੍ਹਾ ਰਹਿੰਦਾ ਹੈ ਕਿਉਂਕਿ ਉਸ ਰਾਤ ਬੈਂਕ ਤੋਂ ਜ਼ਿਆਦਾ ਪੈਸੇ ਕਿਸੇ ਹੋਰ ਥਾਂ ‘ਤੇ ਟਰਾਂਸਫਰ ਹੁੰਦੇ ਹਨ। ਐਲਨ ਨੂੰ ਇਹ ਪਹਿਲਾਂ ਹੀ ਪਤਾ ਸੀ ਅਤੇ ਇਸ ਲਈ ਉਸਨੇ ਵਾਰਦਾਤ ਲਈ ਸ਼ੁੱਕਰਵਾਰ ਨੂੰ ਚੁਣਿਆ।

ਬੈਂਕ ਦੇ ਸੁਰੱਖਿਆ ਗਾਰਡ ਕੰਟੀਨ ਵਿੱਚ ਖਾਣਾ ਖਾ ਰਹੇ ਸਨ। ਇਨ੍ਹਾਂ ਸਾਰੇ ਦੋਸਤਾਂ ਨੇ ਉਨ੍ਹਾਂ ਨੂੰ ਹਥਿਆਰਾਂ ਦੇ ਜ਼ੋਰ ‘ਤੇ ਉਥੇ ਕੈਦ ਕਰ ਲਿਆ। ਇਸ ਦੌਰਾਨ, ਐਲਨ ਸਾਰੇ ਸੁਰੱਖਿਆ ਉਪਕਰਨਾਂ ਨੂੰ ਡੀਅਕਟੀਵੇਟ ਕਰ ਦਿੰਦਾ ਹੈ। ਇਸ ਤੋਂ ਬਾਅਦ ਉਹ ਸਿੱਧੇ ਉਸ ਕਮਰੇ ਵਿੱਚ ਪਹੁੰਚ ਜਾਂਦੇ ਜਿੱਥੇ ਸਾਰੇ ਪੈਸੇ ਰੱਖੇ ਹੋਏ ਸਨ। ਉਹ ਆਪਣੀ ਵੈਨ ਉਸ ਕਮਰੇ ਦੇ ਗੇਟ ਕੋਲ ਖੜ੍ਹੀ ਕਰਦੇ ਹਨ। ਐਲਨ ਨੂੰ ਪਤਾ ਸੀ ਕਿ ਇੱਥੇ ਕਿਸ ਪੈਕੇਟ ਵਿੱਚ ਵੱਡੀ ਕਰੰਸੀ ਹੈ। ਉਹ ਸਿਰਫ਼ ਉਹੀ ਵੱਡੇ ਕਰੰਸੀ ਦੇ ਪੈਕੇਟ ਚੁੱਕ ਕੇ ਸਿੱਧੇ ਆਪਣੀ ਵੈਨ ਵਿੱਚ ਰੱਖਦੇ ਹਨ ਤੇ ਬੈਂਕ ਤੋਂ ਜ਼ਿਆਦਾਤਰ ਪੈਸੇ ਲੈ ਕੇ ਫਰਾਰ ਹੋ ਜਾਂਦੇ ਨੇ। ਅਹਿਮ ਗੱਲ ਇਹ ਹੈ ਕਿ ਉਹ ਸਿਰਫ਼ ਅੱਧੇ ਘੰਟੇ ਵਿੱਚ ਇਸ ਲੁੱਟ ਨੂੰ ਅੰਜਾਮ ਦਿੰਦੇ ਹਨ।

ਬੈਂਕ ‘ਚ ਚੋਰੀ ਦੀ ਖ਼ਬਰ ਹਰ ਪਾਸੇ ਫੈਲ ਗਈ। ਪੁਲਿਸ ਜਾਂਚ ਸ਼ੁਰੂ ਕਰਦੀ ਹੈ। ਐਲਨ ‘ਤੇ ਸ਼ੱਕ ਪੈ ਜਾਂਦਾ ਹੈ, ਪਰ ਪੁਲਿਸ ਨੂੰ ਐਲਨ ਦੇ ਖਿਲਾਫ ਕੋਈ ਸਬੂਤ ਨਹੀਂ ਮਿਲਦਾ। ਹਰ ਕੋਈ ਦੱਸਦਾ ਹੈ ਕਿ ਐਲਨ ਸਾਰੀ ਰਾਤ ਪਾਰਟੀ ਵਿੱਚ ਮਸਤੀ ਕਰ ਰਿਹਾ ਸੀ। ਬੈਂਕ ਵਿੱਚੋਂ ਕੁੱਲ 150 ਕਰੋੜ ਰੁਪਏ ਗਾਇਬ ਹੋਏ ਸਨ। ਪੁਲਿਸ ਦੀਆਂ ਕਈ ਟੀਮਾਂ ਜਾਂਚ ਕਰ ਰਹੀਆਂ ਸਨ। ਕਈ ਮਹੀਨੇ ਜਾਂਚ ਚੱਲੀ ਪਰ ਕੁਝ ਵੀ ਸਾਹਮਣੇ ਨਹੀਂ ਆਇਆ। ਐਲਨ ਅਤੇ ਉਸਦੇ ਦੋਸਤ ਆਪਣਾ ਕੰਮ ਕਰ ਚੁੱਕੇ ਸੀ।

ਕਰੀਬ ਛੇ ਮਹੀਨਿਆਂ ਬਾਅਦ ਇਨ੍ਹਾਂ ਸਾਰੇ ਦੋਸਤਾਂ ਨੇ ਇਸ ਪੈਸੇ ਨਾਲ ਕਈ ਜਾਇਦਾਦਾਂ ਖਰੀਦੀਆਂ। ਇਸ ਵਿਚ ਵੀ ਉਨ੍ਹਾਂ ਨੇ ਪੂਰਾ ਧਿਆਨ ਰੱਖਿਆ। ਉਨ੍ਹਾਂ ਨੇ ਇਹ ਜਾਇਦਾਦ ਆਪਣੇ ਨਾਂ ’ਤੇ ਨਹੀਂ ਸਗੋਂ ਹੋਰਾਂ ਦੇ ਨਾਂ ’ਤੇ ਲਈ ਸੀ। ਸਭ ਕੁਝ ਠੀਕ ਚੱਲ ਰਿਹਾ ਸੀ। ਲੁੱਟ ਨੂੰ ਦੋ ਸਾਲ ਬੀਤ ਚੁੱਕੇ ਸਨ, ਪਰ ਐਲਨ ਦੇ ਇੱਕ ਦੋਸਤ ਨੇ ਇੱਕ ਛੋਟੀ ਜਿਹੀ ਗਲਤੀ ਕਰ ਦਿੱਤੀ। ਜਾਇਦਾਦ ਖਰੀਦਦੇ ਸਮੇਂ ਉਸ ਨੇ ਬੈਂਕ ਤੋਂ ਚੋਰੀ ਹੋਏ ਪੈਸੇ ਡੀਲਰ ਨੂੰ ਸੌਂਪ ਦਿੱਤੇ। ਉਸ ਨੋਟ ਬੰਡਲ ਨਾਲ ਡਨਬਰ ਬੈਂਕ ਦੀ ਚਿੱਟ ਜੁੜੀ ਹੋਈ ਸੀ। ਬਸ ਇਸ ਗਲਤੀ ਕਾਰਨ ਇਹ ਸਾਰੇ ਦੋਸਤ ਫੜੇ ਗਏ। ਇਸ ਮਗਰੋਂ ਐਲਨ ਨੂੰ 24 ਸਾਲ ਦੀ ਸਜ਼ਾ ਸੁਣਾਈ ਗਈ ਸੀ। ਬਾਕੀ ਮਿੱਤਰਾਂ ਨੂੰ ਵੀ ਲੰਮੀਆਂ ਸਜ਼ਾਵਾਂ ਮਿਲੀਆਂ ਸਨ।

Leave a Reply

Your email address will not be published. Required fields are marked *