ਆਕਲੈਂਡ ਤੋਂ ਸ਼ਿਕਾਗੋ ਜਾਣ ਵਾਲੀ ਏਅਰ ਨਿਊਜ਼ੀਲੈਂਡ ਦੀ ਫਲਾਈਟ ਨੂੰ ਸ਼ੁੱਕਰਵਾਰ ਰਾਤ ਨੂੰ ਈਂਧਨ ਦੀ ਸਮੱਸਿਆ ਕਾਰਨ ਵਾਪਸ ਮੋੜਨਾ ਪਿਆ ਹੈ। ਫਲਾਈਟ NZ26 ਰਾਤ 9 ਵਜੇ ਆਕਲੈਂਡ ਤੋਂ ਰਵਾਨਾ ਹੋਈ ਸੀ, ਪਰ ਰਵਾਨਗੀ ਦੇ ਇੱਕ ਘੰਟੇ ਬਾਅਦ ਏਅਰਲਾਈਨ ਨੂੰ ਈਂਧਨ ਦੀ ਆਮ ਨਾਲੋਂ ਜਿਆਦਾ ਖਪਤ ਦਾ ਪਤਾ ਲੱਗਿਆ। ਇਸ ਦੌਰਾਨ ਸਮਝਦਾਰੀ ਦਿਖਾਉਂਦਿਆਂ ਏਅਰ ਨਿਊਜ਼ੀਲੈਂਡ ਦੇ ਫਲਾਈਟ ਸੰਚਾਲਨ ਦੇ ਮੁਖੀ ਹਿਊਗ ਪੀਅਰਸ ਨੇ ਕਿਹਾ ਕਿ ਜਹਾਜ਼ ਸਾਵਧਾਨੀ ਵਜੋਂ ਵਾਪਸ ਮੋੜਿਆ ਗਿਆ ਤਾਂ ਜੋ ਇਸ ਦੀ ਇੰਜੀਨੀਅਰਿੰਗ ਜਾਂਚ ਕੀਤੀ ਜਾ ਸਕੇ। ਬੋਇੰਗ 787-9 ਡ੍ਰੀਮਲਾਈਨਰ ਤਿੰਨ ਘੰਟੇ ਅਤੇ ਚਾਲੀ ਮਿੰਟ ਦੇ ਕੁੱਲ ਉਡਾਣ ਦੇ ਸਮੇਂ ਤੋਂ ਬਾਅਦ ਦੁਪਹਿਰ 12.37 ਵਜੇ ਆਕਲੈਂਡ ਵਾਪਸ ਪਹੁੰਚਿਆ।
ਦੱਸ ਦੇਈਏ ਇਹ ਇਸ ਹਫ਼ਤੇ ਤੀਜੀ ਵਾਰ ਹੈ ਜਦੋਂ ਕਿਸੇ ਅੰਤਰਰਾਸ਼ਟਰੀ ਏਅਰ NZ ਫਲਾਈਟ ਨੂੰ ਆਕਲੈਂਡ ਵਾਪਸ ਜਾਣ ਲਈ ਮਜਬੂਰ ਹੋਣਾ ਪਿਆ ਹੈ। ਸੋਮਵਾਰ ਨੂੰ, ਟੋਕੀਓ ਜਾਣ ਵਾਲੀ ਫਲਾਈਟ NZ99 ਦੀ ਵਿੰਡਸਕਰੀਨ ਖਰਾਬ ਹੋ ਗਈ ਸੀ, ਅਤੇ ਵੀਰਵਾਰ ਨੂੰ ਰਾਰੋਟੋਂਗਾ ਜਾਣ ਵਾਲੀ ਫਲਾਈਟ NZ942 ‘ਤੇ ਬਿਜਲੀ ਡਿੱਗ ਗਈ ਸੀ। ਏਅਰ ਨਿਊਜ਼ੀਲੈਂਡ ਦੇ ਫਲਾਈਟ ਆਪ੍ਰੇਸ਼ਨਜ਼ ਦੇ ਮੁਖੀ ਹਿਊਗ ਪੀਅਰਸ ਨੇ ਕਿਹਾ ਕਿ,”ਸਾਡੀਆਂ ਟੀਮਾਂ ਗਾਹਕਾਂ ਨੂੰ ਜਲਦੀ ਤੋਂ ਜਲਦੀ ਉਨ੍ਹਾਂ ਦੀ ਮੰਜ਼ਿਲ ‘ਤੇ ਪਹੁੰਚਾਉਣ ਲਈ ਆਪਣੀ ਪੂਰੀ ਕੋਸ਼ਿਸ਼ ਕਰ ਰਹੀਆਂ ਹਨ ਅਤੇ ਅਸੀਂ ਗਾਹਕਾਂ ਦੇ ਧੀਰਜ ਅਤੇ ਸਮਝ ਲਈ ਧੰਨਵਾਦ ਕਰਦੇ ਹਾਂ।”