ਅੰਬਾਤੀ ਰਾਇਡੂ ਨੇ IPL 2023 ਸੀਜ਼ਨ ਤੋਂ ਬਾਅਦ ਕ੍ਰਿਕਟ ਨੂੰ ਅਲਵਿਦਾ ਕਹਿ ਦਿੱਤਾ ਹੈ। ਉਹ ਇਸ ਸੀਜ਼ਨ ਵਿੱਚ ਮਹਿੰਦਰ ਸਿੰਘ ਧੋਨੀ ਦੀ ਅਗਵਾਈ ਵਾਲੀ ਚੇਨਈ ਸੁਪਰ ਕਿੰਗਜ਼ ਦਾ ਹਿੱਸਾ ਸੀ। ਹਾਲਾਂਕਿ ਅੰਬਾਤੀ ਰਾਇਡੂ ਸੰਨਿਆਸ ਤੋਂ ਬਾਅਦ ਇੱਕ ਵਾਰ ਫਿਰ ਚਰਚਾ ਵਿੱਚ ਹਨ। ਦਰਅਸਲ, ਅੰਬਾਤੀ ਰਾਇਡੂ ਨੇ ਬੀਸੀਸੀਆਈ ਦੇ ਸਾਬਕਾ ਅੰਤਰਿਮ ਮੁਖੀ ਅਤੇ ਟੀਮ ਇੰਡੀਆ ਲਈ ਖੇਡਣ ਵਾਲੇ ਸ਼ਿਵਲਾਲ ਯਾਦਵ ‘ਤੇ ਵੱਡਾ ਦੋਸ਼ ਲਗਾਇਆ ਹੈ। ਅੰਬਾਤੀ ਰਾਇਡੂ ਨੇ ਦੋਸ਼ ਲਗਾਇਆ ਹੈ ਕਿ ਸ਼ਿਵਲਾਲ ਯਾਦਵ ਨੇ ਸ਼ੁਰੂਆਤੀ ਦਿਨਾਂ ‘ਚ ਉਨ੍ਹਾਂ ਦਾ ਕਰੀਅਰ ਬਰਬਾਦ ਕਰਨ ਦੀ ਕੋਸ਼ਿਸ਼ ਕੀਤੀ।
ਹਾਲ ਹੀ ‘ਚ ਅੰਬਾਤੀ ਰਾਇਡੂ ਨੇ ਕ੍ਰਿਕਟ ਦੇ ਸਾਰੇ ਫਾਰਮੈਟਾਂ ਨੂੰ ਅਲਵਿਦਾ ਕਹਿਣ ਦਾ ਫੈਸਲਾ ਕੀਤਾ ਹੈ। ਹੁਣ ਉਨ੍ਹਾਂ ਨੇ ਖੁਲਾਸਾ ਕੀਤਾ ਹੈ ਕਿ ਸ਼ਿਵਲਾਲ ਯਾਦਵ ਆਪਣੇ ਬੇਟੇ ਅਰਜੁਨ ਯਾਦਵ ਦਾ ਪੱਖ ਪੂਰਦੇ ਸਨ, ਉਸ ਸਮੇਂ ਸ਼ਿਵਲਾਲ ਯਾਦਵ ਹੈਦਰਾਬਾਦ ਕ੍ਰਿਕਟ ਸੰਘ ਦੇ ਪ੍ਰਧਾਨ ਸਨ। ਅੰਬਾਤੀ ਰਾਇਡੂ ਨੇ ਕਿਹਾ ਕਿ ਜਦੋਂ ਮੈਂ ਛੋਟਾ ਸੀ ਤਾਂ ਮੇਰੇ ਕਰੀਅਰ ਵਿੱਚ ਰਾਜਨੀਤੀ ਦੀ ਸ਼ੁਰੂਆਤ ਹੋਈ ਸੀ। ਮੈਂ ਹੈਦਰਾਬਾਦ ਕ੍ਰਿਕਟ ਸੰਘ ਦੇ ਤਤਕਾਲੀ ਪ੍ਰਧਾਨ ਸ਼ਿਵਲਾਲ ਯਾਦਵ ਦੇ ਬੇਟੇ ਅਰਜੁਨ ਯਾਦਵ ਨਾਲ ਚੰਗੀ ਕ੍ਰਿਕਟ ਖੇਡਦਾ ਸੀ, ਪਰ ਮੈਨੂੰ ਲਗਾਤਾਰ ਪ੍ਰੇਸ਼ਾਨ ਕੀਤਾ ਜਾਂਦਾ ਸੀ, ਉਹ ਆਪਣੇ ਬੇਟੇ ਲਈ ਅਜਿਹਾ ਕਰ ਰਹੇ ਸੀ। ਨਾਲ ਹੀ ਉਨ੍ਹਾਂ ਨੇ ਮੈਨੂੰ ਟੀਮ ਤੋਂ ਬਾਹਰ ਕਰਨ ਦੀ ਕੋਸ਼ਿਸ਼ ਕੀਤੀ।
ਅੰਬਾਤੀ ਰਾਇਡੂ ਦਾ ਕਹਿਣਾ ਹੈ ਕਿ ਸ਼ਿਵਲਾਲ ਯਾਦਵ ਦੇ ਕਰੀਬੀ ਦੋਸਤ ਸਾਲ 2004 ‘ਚ ਚੋਣ ਕਮੇਟੀ ਦਾ ਹਿੱਸਾ ਬਣੇ ਸਨ। ਉਸ ਸਮੇਂ ਮੈਂ ਭਾਰਤ-ਏ ਲਈ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ ਪਰ ਇਸ ਦੇ ਬਾਵਜੂਦ ਮੈਨੂੰ ਮੌਕੇ ਨਹੀਂ ਮਿਲੇ। ਉਸ ਤੋਂ ਬਾਅਦ ਹਾਲਾਤ ਬਦ ਤੋਂ ਬਦਤਰ ਹੁੰਦੇ ਗਏ, ਲਗਭਗ 4 ਸਾਲ ਮੈਂ ਹਨੇਰੇ ਵਿਚ ਰਿਹਾ। ਅੰਬਾਤੀ ਰਾਇਡੂ ਨੇ ਸਾਲ 2005 ਵਿੱਚ ਹੈਦਰਾਬਾਦ ਛੱਡ ਦਿੱਤਾ, ਫਿਰ ਰਾਇਡੂ ਨੇ ਆਂਧਰਾ ਪ੍ਰਦੇਸ਼ ਲਈ ਖੇਡਣਾ ਸ਼ੁਰੂ ਕੀਤਾ। ਨਾਲ ਹੀ ਅੰਬਾਤੀ ਰਾਇਡੂ ਨੇ ਕਿਹਾ ਕਿ ਉਸ ਸਮੇਂ ਐਮਐਸਕੇ ਪ੍ਰਸਾਦ ਆਂਧਰਾ ਪ੍ਰਦੇਸ਼ ਕ੍ਰਿਕਟ ਸੰਘ ਦੀ ਅਗਵਾਈ ਕਰ ਰਹੇ ਸਨ, ਪਰ ਉਨ੍ਹਾਂ ਦੇ ਕਾਰਜਕਾਲ ਦੌਰਾਨ ਮੈਨੂੰ ਕੋਈ ਸਮੱਸਿਆ ਨਹੀਂ ਆਈ।