ਸੰਸਦ ਹਰ ਦੇਸ਼ ਦੀ ਸ਼ਾਨ ਹੁੰਦੀ ਹੈ। ਇੱਥੇ ਦੇਸ਼ ਦੇ ਹਿੱਤ ਵਿੱਚ ਫੈਸਲੇ ਲਏ ਜਾਂਦੇ ਹਨ। ਜਨਤਾ ਆਪਣੇ ਨੁਮਾਇੰਦੇ ਚੁਣ ਕੇ ਇੱਥੇ ਭੇਜਦੀ ਹੈ। ਇਹ ਲੋਕਤੰਤਰ ਦੀ ਤਸਵੀਰ ਹੈ। ਪਰ ਆਸਟ੍ਰੇਲੀਆ ਦੀ ਸੰਸਦ ਇਸ ਸਮੇਂ ਸ਼ਰਮਸਾਰ ਹੈ। ਇੱਕ ਮਹਿਲਾ ਸੰਸਦ ਮੈਂਬਰ ਦੇ ਹੰਝੂ ਵੱਡੇ ਸਵਾਲ ਖੜ੍ਹੇ ਕਰ ਰਹੇ ਹਨ। ਸੰਸਦ ‘ਚ ਰੋਂਦੇ ਹੋਏ ਲਿਡੀਆ ਥੋਰਪ ਨੇ ਜਿਨਸੀ ਸ਼ੋਸ਼ਣ ਦਾ ਦੋਸ਼ ਲਗਾਇਆ ਹੈ। ਉਨ੍ਹਾਂ ਕਿਹਾ ਕਿ ਜਦੋਂ ਵੀ ਉਨ੍ਹਾਂ ਨੇ ਗੁੰਡਾਗਰਦੀ ਵਿਰੁੱਧ ਆਵਾਜ਼ ਚੁੱਕਣੀ ਚਾਹੀ ਤਾਂ ਉਨ੍ਹਾਂ ਨੂੰ ਧਮਕੀਆਂ ਦੇ ਕੇ ਚੁੱਪ ਕਰਵਾ ਦਿੱਤਾ ਗਿਆ। ਸੰਸਦ ਦੇ ਅੰਦਰ ਰੋਂਦੀ ਇੱਕ ਮਹਿਲਾ ਸੰਸਦ ਮੈਂਬਰ ਦੀ ਤਸਵੀਰ ਅੱਜ ਪੂਰੀ ਦੁਨੀਆ ਵਿੱਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ।
ਆਸਟ੍ਰੇਲੀਅਨ ਸੰਸਦ ਮੈਂਬਰ ਲਿਡੀਆ ਥੋਰਪ ਨੇ ਦੋਸ਼ ਲਾਇਆ ਕਿ ਸੰਸਦ ‘ਚ ਉਸ ਦਾ ਜਿਨਸੀ ਸ਼ੋਸ਼ਣ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇਹ ਇਮਾਰਤ ਔਰਤਾਂ ਲਈ ਕੰਮ ਕਰਨ ਲਈ ਸੁਰੱਖਿਅਤ ਨਹੀਂ ਹੈ। ਇਹ ਕਹਿੰਦੇ ਹੋਏ ਉਹ ਰੋ ਪਈ। ਉਨ੍ਹਾਂ ਆਪਣੇ ਸੰਬੋਧਨ ‘ਚ ਕਿਹਾ ਕਿ ਉਨ੍ਹਾਂ ‘ਤੇ ਗੰਦੀਆਂ ਟਿੱਪਣੀਆਂ ਕੀਤੀਆਂ ਗਈਆਂ ਹਨ। ਉਸਨੂੰ ਇੱਕ ਪੌੜੀ ਦੇ ਉੱਪਰ ਘੇਰਿਆ ਗਿਆ ਸੀ ਅਤੇ ਅਣਉਚਿਤ ਢੰਗ ਨਾਲ ਹੱਥ ਲਾਏ ਗਏ ਸੀ। ਥੋਰਪ ਨੇ ਕੰਜ਼ਰਵੇਟਿਵ ਡੇਵਿਡ ਵੈਨ ‘ਤੇ ਦੋਸ਼ ਲਾਏ ਹਨ। ਹਾਲਾਂਕਿ ਵੈਨ ਨੇ ਇਨ੍ਹਾਂ ਦੋਸ਼ਾਂ ਨੂੰ ਪੂਰੀ ਤਰ੍ਹਾਂ ਰੱਦ ਕਰ ਦਿੱਤਾ ਹੈ। ਵੈਨ ਦਾ ਕਹਿਣਾ ਹੈ ਕਿ ਉਹ ਇਨ੍ਹਾਂ ਦੋਸ਼ਾਂ ਕਾਰਨ ਟੁੱਟਿਆ ਹੋਇਆ ਹੈ ਅਤੇ ਬਹੁਤ ਪਰੇਸ਼ਾਨ ਹੈ। ਉਨ੍ਹਾਂ ਨੇ ਸਥਾਨਕ ਮੀਡੀਆ ਨੂੰ ਦੱਸਿਆ ਕਿ ਇਹ ਪੂਰੀ ਤਰ੍ਹਾਂ ਨਾਲ ਝੂਠੇ ਦੋਸ਼ ਹਨ। ਹਾਲਾਂਕਿ ਲਿਬਰਲ ਪਾਰਟੀ ਨੇ ਵੈਨ ਨੂੰ ਪਾਰਟੀ ਤੋਂ ਮੁਅੱਤਲ ਕਰ ਦਿੱਤਾ ਹੈ।
ਥੋਰਪ ਨੇ ਕਿਹਾ ਕਿ ਜਿਨਸੀ ਉਤਪੀੜਨ ਦਾ ਮਤਲਬ ਹਰ ਕਿਸੇ ਲਈ ਵੱਖੋ-ਵੱਖਰਾ ਹੁੰਦਾ ਹੈ। ਉਨ੍ਹਾਂ ਨੇ ਕਿਹਾ ਕਿ ਮੈਂ ਦੱਸਦੀ ਹਾਂ ਕਿ ਮੇਰੇ ਨਾਲ ਕੀ ਹੋਇਆ ਹੈ। ਮੈਨੂੰ ਮਜਬੂਰ ਕੀਤਾ ਗਿਆ ਸੀ। ਮੈਨੂੰ ਅਣਉਚਿਤ ਢੰਗ ਨਾਲ ਛੂਹਿਆ ਗਿਆ ਸੀ। ਮੈਂ ਦਫਤਰ ਦੇ ਗੇਟ ਤੋਂ ਬਾਹਰ ਨਿਕਲਣ ਤੋਂ ਡਰਦੀ ਸੀ। ਪਹਿਲਾਂ ਮੈਂ ਦਰਵਾਜ਼ੇ ਨੂੰ ਥੋੜਾ ਖੋਲ੍ਹਦੀ ਸੀ। ਇਸ ਤੋਂ ਬਾਅਦ ਮੈ ਬਾਹਰ ਦੇਖਦੀ ਸੀ ਇਹ ਦੇਖਣ ਲਈ ਕਿ ਉੱਥੇ ਕੋਈ ਹੈ ਜਾਂ ਨਹੀਂ। ਜਦੋਂ ਮੈਨੂੰ ਰਸਤਾ ਸਾਫ਼ ਦਿਖਾਈ ਦਿੰਦਾ ਸੀ ਤਾਂ ਮੈਂ ਬਾਹਰ ਆ ਜਾਂਦੀ ਸੀ। ਮੈਂ ਇਸ ਹੱਦ ਤੱਕ ਡਰੀ ਹੋਈ ਸੀ ਕਿ ਜਦੋਂ ਵੀ ਮੈਂ ਇਮਾਰਤ ਦੇ ਅੰਦਰ ਜਾਂਦੀ ਸੀ, ਮੈਂ ਕਿਸੇ ਨੂੰ ਆਪਣੇ ਨਾਲ ਲੈ ਕੇ ਜਾਂਦੀ ਸੀ। ਕਥਿਤ ਪੀੜਤ ਸੰਸਦ ਮੈਂਬਰ ਨੇ ਕਿਹਾ ਕਿ ਮੈਨੂੰ ਪਤਾ ਹੈ ਕਿ ਮੇਰੇ ਵਰਗੇ ਹੋਰ ਵੀ ਪੀੜਤ ਹਨ ਪਰ ਉਹ ਆਪਣੇ ਕਰੀਅਰ ਕਾਰਨ ਕਦੇ ਅੱਗੇ ਨਹੀਂ ਆਏ।